ਟਰੰਪ ਨਾਲ ਸਾਂਝੀ ਪ੍ਰੈਸ ਕਾਨਫਰੰਸ ‘ਚ ਪ੍ਰਧਾਨ ਮੰਤਰੀ ਨੇ ਦਿੱਤੀ ਜਾਣਕਾਰੀ
ਵਾਸਿੰਗਟਨ, 14 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੇ ਦਰਮਿਆਨ ਸਾਲ 2030 ਤੱਕ ਦੋਵੱਲੇ ਵਪਾਰ ਨੂੰ 500 ਅਰਬ ਡਾਲਰ ਤੱਕ ਪਹੁੰਚਾਉਣ ਦਾ ਟੀਚਾ ਸੈੱਟ ਕੀਤਾ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਪੀਐੱਮ ਮੋਦੀ ਨੇ ਇਹ ਗੱਲ ਕਹੀ।ਪੀਐੱਮ ਮੋਦੀ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ “ਮੇਕ ਅਮਰੀਕਾ ਗ੍ਰੇਟ ਅਗੇਨ” ਦਾ ਨਾਅਰਾ ਦਿੱਤਾ ਹੈ, ਜਦਕਿ ਭਾਰਤ ਦੇ ਲੋਕ ਸਾਲ 2047 ਤੱਕ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਦੇ ਟੀਚੇ ਨਾਲ ਅੱਗੇ ਵਧ ਰਹੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਤੇਲ ਅਤੇ ਗੈਸ ਦੇ ਵਪਾਰ ਨੂੰ ਵਧਾਉਣਗੇ ਤਾਂ ਜੋ ਭਾਰਤ ਦੀ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਤੇਜ਼ੀ ਨਾਲ ਸਾਂਝੇ ਵਿਕਾਸ, ਸਾਂਝੇ ਉਤਪਾਦਨ ਅਤੇ ਤਕਨੀਕ ਦੇ ਤਬਾਦਲੇ ਦੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ। ਭਾਰਤ ਅਤੇ ਅਮਰੀਕਾ ਵਿਚਕਾਰ ਦੀ ਸਾਂਝਦਾਰੀ ਅਤੇ ਸਹਿਯੋਗ ਇਸ ਦੁਨੀਆ ਨੂੰ ਇੱਕ ਨਵਾਂ ਰੂਪ ਦੇ ਸਕਦਾ ਹੈ।