ਅਣਗਹਿਲੀ

ਪੰਜਾਬ

ਅਣਗਹਿਲੀ 

                           

ਕਹਿੰਦੇ ਡਾਕਟਰ ਰੱਬ ਦਾ ਦੂਜਾ ਰੂਪ ਹੁੰਦੇ ਹਨ। ਪਰ ਜੇ  ਇਹੋ ਦੂਜਾ ਰੂਪ ਕੋਈ ਅਣਗਹਿਲੀ ਕਰੇ ਹੈ ਤਾਂ ਫਿਰ ਕੀ ਕੀਤਾ ਜਾਵੇ ?ਇਹੋ ਜੇਹਾ ਹੀ ਇਕ ਵਾਕਿਆ ਪਾਠਕਾਂ ਨਾਲ ਸਾਂਝਾ ਕਰਨ ਜਾ ਰਿਹਾ ਹਾਂ।ਗੱਲ 2017 ਦੀ ਹੈ।ਵਾਈਫ ਨੂੰ ਹਰਨੀਆ ਸਨ।ਇਲਾਜ ਲਈ ਮੈਂ ਉਨ੍ਹਾ ਨੂੰ ਸ਼ਹਿਰ ਦੇ ਇੱਕ ਨਾਮੀ ਪ੍ਰਾਈਵੇਟ ਹਸਪਤਾਲ ਲੈ ਗਿਆ।ਜਿੱਥੇ ਡਾਕਟਰ ਨਾਲ ਮੇਰੀ ਥੋੜ੍ਹੀ ਬਹੁਤੀ ਲਿਹਾਜ਼ ਸੀ।ਚਲੋ ਖੈਰ! ਡਾਕਟਰ  ਵੱਲੋਂ ਵਾਈਫ ਦਾ ਚੈੱਕਅੱਪ ਕੀਤਾ ਗਿਆ ਤੇ ਆਪ੍ਰੇਸ਼ਨ ਦੀ ਡੇਟ ਦੇ ਦਿੱਤੀ ਗਈ।ਅਪ੍ਰੇਸ਼ਨ ਹਸਪਤਾਲ ਵੱਲੋਂ ਹਾਇਰ ਕੀਤੇ ਡਾਕਟਰ ਦੁਆਰਾ ਕੀਤਾ ਜਾਣਾ ਸੀ।ਜਿਸ ਨੇ ਮੁਹਾਲੀ ਤੋਂ ਆਉਣਾ ਸੀ।ਤਹਿ ਮਿਤੀ ਨੂੰ ਵਾਈਫ ਦਾ ਆਪਰੇਟ ਕਰ ਦਿੱਤਾ ਗਿਆ। ਕੁਝ  ਦਿਨਾਂ ਪਿੱਛੋਂ ਸਬੰਧਤ ਮੈਡੀਸਨ ਤੇ ਜੋ ਪਰਹੇਜ਼ ਕੀਤਾ ਜਾਣਾ ਸੀ ਉਸ ਬਾਰੇ ਦਸ ਕੇ ਸਾਨੂੰ ਹਸਪਤਾਲ ਤੋਂ  ਛੁੱਟੀ ਦੇ ਦਿੱਤੀ ਗਈ। ਅਸੀਂ ਘਰ ਵਾਪਿਸ ਆ ਗਏ।ਪਰ ਕੁਝ ਦਿਨਾ ਪਿੱਛੋਂ ਵਾਈਫ਼  ਦੇ ਪੇਟ ਚ ਮੁੜ ਦਰਦ ਹੋਣ ਲੱਗਾ।ਅਸੀਂ ਮੁੜ ਹਸਪਤਾਲ ਚਲੇ ਗਏ।ਹਸਪਤਾਲ ਦੇ ਡਾਕਟਰ ਨੇ ਚੈੱਕਅੱਪ ਕਰਨ ਪਿੱਛੋਂ ਕਿਹਾ ਕੇ ਇਨਫੈਕਸ਼ਨ ਹੈ ਜੋ ਜਲਦੀ ਠੀਕ ਹੋ ਜਾਵੇਗੀ।ਜਿਸ ਵਾਸਤੇ ਤੁਹਾਨੂੰ ਕੁਝ ਦਿਨ ਹਸਪਤਾਲ ਚ ਰੱਖਿਆ ਜਾਵੇਗਾ।ਇਲਾਜ਼ ਦੌਰਾਨ ਇੱਕ ਦਿਨ ਸ਼ਾਮ ਨੂੰ ਵਾਈਫ਼ ਦੀ ਸਿਹਤ ਜ਼ਿਆਦਾ ਵਿਗੜ ਗਈ। ਜਿਸ ਤੇ ਡਾਕਟਰ ਵੱਲੋਂ ਵਾਈਫ ਨੂੰ ਲੁਧਿਆਣੇ ਰੈਫਰ ਕਰ ਦਿੱਤਾ ਗਿਆ।ਜਿੱਥੋਂ ਡਾਕਟਰਾਂ ਵੱਲੋਂ ਵਾਈਫ ਨੂੰ 15 ਦਿਨਾਂ ਪਿੱਛੋਂ ਹਸਪਤਾਲ ਚੋ ਡਿਸਚਾਰਜ ਕਰ ਦਿੱਤਾ ਗਿਆ ਤੇ ਨਾਲ ਹੀ ਹਫ਼ਤੇ ਪਿੱਛੋਂ ਚੈੱਕ ਕਰਵਾਉਂਦੇ ਰਹਿਣ ਲਈ ਆਖਿਆ ਗਿਆ।ਸਾਲ ਢੇਡ ਸਾਲ ਆਰਾਮ ਰਹਿਣ ਪਿੱਛੋਂ ਵਾਈਫ ਦੇ ਮੁੜ ਦਰਦ ਸ਼ੁਰੂ ਹੋ ਗਿਆ।ਅਸੀਂ ਵੱਖ ਵੱਖ ਡਾਕਟਰਾਂ ਤੋਂ ਚੈੱਕਅੱਪ ਕਰਵਾਇਆ।ਉਹਨਾਂ ਸਾਨੂੰ ਲੁਧਿਆਣੇ ਜਾਂ ਚੰਡੀਗੜ੍ਹ ਤੋਂ ਇਲਾਜ਼ ਕਰਵਾਉਣ ਦੀ ਸਲਾਹ ਦਿੱਤੀ।ਸਾਨੂੰ ਸਮਝ ਨਾ ਆਵੇ ਕੇ ਕਿੱਥੋਂ ਇਲਾਜ਼ ਕਰਵਾਇਆ ਜਾਵੇ।ਅਸੀਂ ਚੋਖੇ ਪ੍ਰੇਸ਼ਾਨ ਹੋ ਗਏ। ਪ੍ਰੋਬਲਮ ਸਮਝ ਨਹੀਂ ਆ ਰਹੀ ਸੀ ਉਤੋਂ 10-15 ਲੱਖ ਰੁਪਿਆ ਖਰਚ ਆ ਚੁੱਕਾ ਸੀ।ਮਾਨਸਕ ਪਰੇਸ਼ਾਨੀ ਵੱਖਰੀ।ਮੈਂ ਆਪਣੇ ਇਕ ਡਾਕਟਰ ਦੋਸਤ ਨਾਲ ਗੱਲ ਕੀਤੀ। ਉਸਦੀ ਬੇਟੀ ਚੰਡੀਗੜ੍ਹ ਦੇ ਸੈਕਟਰ -16 ਦੇ ਸਰਕਾਰੀ ਹਸਪਤਾਲ ਚ ਸਰਜਨ ਸੀ।ਉਸਦੇ ਕਹਿਣ ਤੇ ਮੈਂ ਵਾਈਫ ਨੂੰ ਚੰਡੀਗੜ੍ਹ ਹਸਪਤਾਲ ਲੈ ਗਿਆ।ਸਕੈਨ ਕੀਤੇ ਜਾਣ ਉੱਤੇ ਪੇਟ ਚ ਕਲਾਟਸ ਹੋਣ ਦੀ ਰਿਪੋਰਟ ਆਈ। ਜਿਸ ਤੇ ਡਾਕਟਰਾਂ ਵਲੋਂ ਆਪ੍ਰੇਸ਼ਨ ਦੀ ਸਲਾਹ ਦਿੱਤੀ ਗਈ ਤੇ ਦੋ ਦਿਨ ਹੈੱਡ ਸਰਜਨ ਵੱਲੋਂ ਅਪ੍ਰੇਸ਼ਨ ਕੀਤਾ ਗਿਆ।ਜੋ  ਤਕਰੀਬਨ 6ਘੰਟੇ ਚੱਲਿਆ।ਅਪ੍ਰੇਸ਼ਨ ਕਰਨ ਵਾਲੀ ਟੀਮ ਚ ਮੇਰੇ ਦੋਸਤ ਦੀ ਬੇਟੀ ਵੀ ਸ਼ਾਮਲ ਸੀ।ਆਪ੍ਰੇਸ਼ਨ ਉਪਰੰਤ  ਦੋਸਤ ਦੀ ਬੇਟੀ ਸਾਡੇ ਕੋਲ ਆਈ ਤੇ ਵਾਈਫ ਦੇ ਪੇਟ ਚੋ ਨਿਕਲਿਆ ਮਾਸ ਦਾ ਟੁੱਕੜਾ ਵਿਖਾਉਂਦੇ ਹੋਏ ਕਹਿਣ ਲੱਗੀ,’ ਅੰਕਲ ਜੀ ! ਆਂਟੀ ਦੇ ਪੇਟ ਚੋਂ ਗੌਜਿਜ (ਸਪੰਜ )ਨਿਕਲੀ ਹੈ।ਜੋ  ਸ਼ਾਇਦ ਪਹਿਲਾਂ ਕਰਵਾਏ ਆਪ੍ਰੇਸ਼ਨ ਦੌਰਾਨ ਪੇਟ ਚ ਰਹਿ ਗਈ ਲੱਗਦੀ ਹੈ’।ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਸ ਵਕਤ ਮੇਰਾ ਬੇਟਾ ਵੀ ਕੋਲ ਸੀ।ਅਪ੍ਰੇਸ਼ਨ ਉਪਰੰਤ ਵਾਈਫ ਦੇ ਪੇਟ ਚੋਂ ਨਿਕਲੇ ਮਾਸ ਦੇ ਟੁਕੜੇ  ਨੂੰ ਲੈਬੋਟਰੀ ਭੇਜਿਆ ਗਿਆ।21 ਦਿਨਾ ਪਿੱਛੋਂ ਰਿਪੋਰਟ ਆਈ ਤਾਂ ਗੌਜਿਜ ਦੀ ਪੁਸ਼ਟੀ ਹੋ ਗਈ ਹੈ।ਹਸਪਤਾਲ ਚ ਛੁੱਟੀ ਪਿੱਛੋਂ ਅਸੀਂ ਘਰ ਆ ਗਏ।ਜਦੋ ਇਸ ਸੰਬੰਧੀ ਅਸੀ ਉਸ ਹਸਪਤਾਲ ਦੇ ਡਾਕਟਰ ਕੋਲ (ਜਿਸ ਤੋਂ 2017 ਚ ਅਪ੍ਰੇਸ਼ਨ ਕਰਵਾਇਆ ਸੀ )ਜਾ ਕੇ ਦੱਸਿਆ ਕੇ ਤੁਹਾਡੇ ਡਾਕਟਰ ਵੱਲੋਂ ਅਪ੍ਰੇਸ਼ਨ ਸਮੇਂ ਲਾਹਪਰਵਾਹੀ ਕਰਦੇ ਹੋਏ ਪੇਟ ਚ ਗੌਜਿਜ ਛੱਡ ਦਿੱਤੀ ਗਈ ਸੀ।ਪਹਿਲਾਂ ਤਾ ਉਹ ਸਾਫ਼ ਹੀ ਮੁੱਕਰ ਗਿਆ ਕੇ ਅਸੀ ਤਾ ਅਪ੍ਰੇਸ਼ਨ  ਕੀਤਾ ਹੀ ਨਹੀਂ ।ਪਰ ਜਦੋ ਉਸ ਨੂੰ ਉਸ ਦੇ ਆਪ੍ਰੇਸ਼ਨ ਥੀਏਟਰ ਦੀ 10 ਹਜ਼ਾਰ ਫੀਸ ਵਾਲਾ ਬਿੱਲ ਵਿਖਾਇਆ ਗਿਆ ਤਾਂ ਉਹ ਕਹਿਣ ਲੱਗਾ ਕੇ ਜਿਸ ਡਾਕਟਰ ਨੇ ਅਪ੍ਰੇਸ਼ਨ ਕੀਤਾ ਹੈ  ਉਹ ਉਸ ਨੂੰ ਬੁਲਾਵੇਗਾ।ਫਿਰ ਕੀ ਸੀ ਡਾਕਟਰ ਵੱਲੋਂ ਸ਼ਫਾਰਸ਼ਾਂ ਦੀ ਝੜੀ ਲੱਗ ਗਈ। ਮੀਟਿੰਗ ਕਰਨ ਲਈ ਸੁਨੇਹੇ ਆਉਣ ਲੱਗੇ।ਜਿਸ ਤੇ ਇੱਕ ਸਾਂਝੇ ਦੋਸਤ ਦੇ ਘਰ ਮੀਟਿੰਗ ਹੋਈ।ਜਿੱਥੇ ਉਹ ਡਾਕਟਰ ਜਿਸ ਨੇ ਵਾਈਫ ਦਾ ਅਪ੍ਰੇਸ਼ਨ ਕੀਤਾ ਸੀ ਤੇ ਕੁੱਝ ਹੋਰ ਪਤਵੰਤੇ  ਮੌਜੂਦ  ਹੋਏ। ਪਰ  ਬੜੀ ਹੈਰਾਨੀ ਹੋਈ ਜਦੋ ਡਾਕਟਰ ਖੁਦ ਦੀ ਗਲਤੀ ਮੰਨੇ ਜਾਣ ਦੀ ਥਾਂ ਇਹ ਕਹਿਣ ਲੱਗਾ ਕੇ ਸਟੀਚਿੰਗ ਵੇਲੇ ਮੇਰੇ ਸਹਾਇਕ ਕੋਲੋਂ ਗੌਜੀਜ ਰਹਿ ਗਈ ਹੋਵੇਗੀ। ਇਹ ਸ਼ਬਦ ਸੁਣ ਕੇ  ਡਾਕਟਰ ਦੀ ਗੱਲ ਮੈਨੂੰ ‘ਚਿੜੀਆਂ ਦਾ ਮਰਨਾ ਤੇ ਗੁਵਾਰਾਂ ਦਾ ਹਾਸਾ’ਵਾਲੀ ਗੱਲ ਲੱਗੀ। ਤੇ ਨਾਲ ਹੀ ਡਾਕਟਰ ਵੱਲੋਂ ਕੀਤੀ ਅਣਗਹਿਲੀ,ਅਣਗਹਿਲੀ ਨਹੀਂ ਸਗੋਂ ਇੱਕ ਬੱਜਰ ਗੁਨਾਹ ਜਾਪਿਆ।ਕਿਉਂਕਿ ਡਾਕਟਰ ਦੀ ਉਸ ਲਾਹਪਰਵਾਹੀ ਦੀ ਵਜ੍ਹਾ ਕਰਕੇ ਮੇਰੀ ਵਾਈਫ ਨੇ ਤਿੰਨ ਵਰ੍ਹੇ ਦੋਜ਼ਖ ਭੁਗਤਿਆ।ਡਾਕਟਰ ਦੀ ਉਸ ਅਣਗਹਿਲੀ ਕਾਰਨ ਮੇਰੀ ਵਾਈਫ ਦੀ ਸਿਹਤ ਨਾਲ ਜੋ ਖਿਲਵਾੜ ਹੋਇਆ,ਉਸ ਦਾ ਖ਼ਮਿਆਜ਼ਾ ਅਸੀਂ ਅੱਜ  ਵੀ ਭੁਗਤ ਰਹੇ ਹਾਂ।ਡਾਕਟਰ ਵੱਲੋਂ ਪੇਟ ਚ ਗੌਜੀਜ ਛੱਡੇ ਜਾਣ ਨੂੰ ਹਲਕੇ ਚ ਲੈਣਾ ਤੇ ਉਸਦੀ ਜ਼ਿੰਮੇਵਾਰੀ ਸਹਾਇਕ ਤੇ ਸੁੱਟ ਕੇ ਅਪਣੀ ਜ਼ਿੰਮੇਵਾਰੀ ਤੋਂ ਪੱਲ੍ਹਾ ਝਾੜਨਾ ਮੈਨੂੰ ਅੱਜ ਤੱਕ ਚੁੱਭਦਾ ਹੈ।ਕਿਉਕਿ ਪੇਟ ਚ ਗੌਜੀਜ ਸਦਕਾ ਮੇਰੀ ਵਾਈਫ ਮੌਤ ਦੇ ਮੂੰਹ ਚੋਂ ਬਚੀ ਹੈ।

 ਲੈਕਚਰਾਰ ਅਜੀਤ ਖੰਨਾ 

ਮੋਬਾਈਲ:76967-54669 

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।