ਸ਼ਾਹਕੋਟ, 14 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਸ਼ਾਹਕੋਟ ਪੁਲਿਸ ਨੇ ਲੁੱਟ ਦੀ ਝੂਠੀ ਸ਼ਿਕਾਇਤ ਦੇਣ ਵਾਲੇ ਡਿਲਿਵਰੀ ਏਜੰਟ ਨੂੰ ਗ੍ਰਿਫਤਾਰ ਕਰ ਕੇ ਮਾਮਲੇ ਨੂੰ ਸੁਲਝਾਇਆ ਹੈ। ਡੀ.ਐਸ.ਪੀ. ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਨਕੋਦਰ ਦੇ ਨੇੜੇ ਇੱਕ ਡਿਲਿਵਰੀ ਕੰਪਨੀ ਦੇ ਡਿਲਿਵਰੀ ਏਜੰਟ ਲਵਨੀਸ਼ ਕੁਮਾਰ ਉਰਫ਼ ਦੀਪੂ ਵਾਸੀ ਰੂਪੇਵਾਲ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਇੱਕ ਸਵਿਫਟ ਕਾਰ ਵਿੱਚ ਸਵਾਰ ਤਿੰਨ ਵਿਅਕਤੀਆਂ ਨੇ ਐਸ.ਡੀ.ਐਮ. ਦਫ਼ਤਰ ਸ਼ਾਹਕੋਟ ਦੇ ਨੇੜੇ ਫ਼ਲਾਈਓਵਰ ਕੋਲ ਉਸ ਤੋਂ 28 ਹਜ਼ਾਰ ਰੁਪਏ ਲੁੱਟ ਲਏ ਹਨ।
ਇਸ ਮਾਮਲੇ ਵਿੱਚ ਐਸ.ਐਚ.ਓ. ਬਲਵਿੰਦਰ ਸਿੰਘ ਭੁੱਲਰ ਨੇ ਜਾਂਚ ਦੌਰਾਨ ਪਾਇਆ ਕਿ ਡਿਲਿਵਰੀ ਏਜੰਟ ਨੇ ਕੰਪਨੀ ਦੇ ਪੈਸੇ ਚੋਰੀ ਕਰਨ ਲਈ ਲੁੱਟ ਦੀ ਝੂਠੀ ਕਹਾਣੀ ਬਣਾਈ ਸੀ।ਮੁਲਜ਼ਮ ਉੱਤੇ ਇੱਕ ਨਿੱਜੀ ਕੰਪਨੀ ਤੋਂ ਲਿਆ ਹੋਇਆ ਕਰਜ਼ਾ ਚੁਕਾਉਣ ਅਤੇ ਹੋਰ ਘਰੇਲੂ ਖਰਚਿਆਂ ਦਾ ਦਬਾਅ ਸੀ। ਪੁਲਿਸ ਨੇ ਆਧੁਨਿਕ ਜਾਂਚ ਤਕਨਾਲੋਜੀ ਦੀ ਵਰਤੋਂ ਕਰਦਿਆਂ 24 ਘੰਟਿਆਂ ਦੇ ਅੰਦਰ ਮਾਮਲੇ ਨੂੰ ਸੁਲਝਾ ਲਿਆ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਤੋਂ 10 ਹਜ਼ਾਰ ਰੁਪਏ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤੀ ਹੈ ਅਤੇ ਉਸ ਖਿਲਾਫ ਧਾਰਾ 304(3) ਅਤੇ 5 ਬੀ.ਐਨ.ਐਸ. ਅਧੀਨ ਕੇਸ ਦਰਜ ਕੀਤਾ ਹੈ।
