ਸੁਲਤਾਨਪੁਰ ਲੋਧੀ, 13 ਫ਼ਰਵਰੀ,ਬੋਲੇ ਪੰਜਾਬ ਬਿਊਰੋ ;
ਦੁਬਈ ਤੋਂ ਆਏ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਜਸਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਉਮਰ 29 ਸਾਲ ਵਾਸੀ ਪਿੰਡ ਕੁਤਬੇਵਾਲ ਥਾਣਾ ਲੋਹੀਆਂ ਜ਼ਿਲ੍ਹਾ ਜਲੰਧਰ 2 ਮਹੀਨੇ ਪਹਿਲਾਂ ਦੁਬਈ ਤੋਂ ਆਇਆ ਸੀ।
ਬੀਤੀ ਸ਼ਾਮ ਨੂੰ ਉਸ ਦੇ ਦੋਸਤ ਉਸ ਨੂੰ ਘਰੋਂ ਲੈ ਕੇ ਗਏ ਅਤੇ ਰਾਤ ਤਕਰੀਬਨ 10 ਵਜੇ ਦੇ ਕਰੀਬ ਪਰਿਵਾਰਕ ਮੈਂਬਰ ਨੂੰ ਫੋਨ ਕਰਕੇ ਦੱਸਿਆ ਕਿ ਤੁਹਾਡਾ ਮੁੰਡਾ ਵੱਢ ਦਿੱਤਾ ਹੈ, ਉਸਦਾ ਇਲਾਜ ਕਰਵਾ ਲਓ । ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਜਸਵਿੰਦਰ ਸਿੰਘ ਗੰਭੀਰ ਹਾਲਤ ਚ ਖੂਨ ਨਾਲ ਲੱਥ ਪੱਥ ਪਿੰਡ ਜੱਬੋਵਾਲ ਰਾਮੇ ਰੋਡ ਦੇ ਖੇਤਾਂ ਚ ਪਿਆ ਹੋਇਆ ਮਿਲਿਆ ਅਤੇ ਉਸਦੇ ਸਰੀਰ ਤੇ ਤੇਜਧਾਰ ਹਥਿਆਰਾਂ ਨਾਲ ਵਾਰ ਕੀਤੇ ਹੋਏ ਸਨ।
ਉਸਨੂੰ ਤੁਰੰਤ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਇਲਾਜ ਲਈ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਕਿਹਾ ਕਿ ਜਸਵਿੰਦਰ ਸਿੰਘ ਦਾ ਉਸ ਦੇ ਦੋਸਤਾਂ ਨੇ ਬੇਰਹਿਮੀ ਦੇ ਨਾਲ ਕਤਲ ਕੀਤਾ ਹੈ। ਉਧਰ ਸੂਚਨਾ ਮਿਲਣ ਤੇ ਥਾਣਾ ਸੁਲਤਾਨਪੁਰ ਲੋਧੀ ਦੇ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਪੁਲਿਸ ਪਾਰਟੀ ਨਾਲ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
![](https://www.bolepunjab.com/wp-content/uploads/2025/02/signal-2025-02-13-063303_002.jpeg)