ਮਾਰਚ ਵਿੱਚ ਜਥੇਬੰਦੀ ਦਾ ਜ਼ਿਲ੍ਹਾ ਇਜਲਾਸ ਕਰਨ ਦਾ ਫੈਸਲਾ
ਮਾਨਸਾ, 12 ਫਰਵਰੀ ,ਬੋਲੇ ਪੰਜਾਬ ਬਿਊਰੋ :
ਪ੍ਰਗਤੀਸ਼ੀਲ ਇਸਤਰੀ ਸਭਾ ਦੀ ਮਾਨਸਾ ਜ਼ਿਲ੍ਹਾ ਇਕਾਈ ਵਲੋਂ ਅੱਜ ਅਪਣੀ ਜਥੇਬੰਦੀ ‘ਆਲ ਇੰਡੀਆ ਪ੍ਰੋਗਰੈਸਿਵ ਵੋਮੈਨ ਐਸੋਸੀਏਸ਼ਨ’ (ਏਪਵਾ) ਦੇ 32 ਸਥਾਪਨਾ ਦਿਵਸ ਮੌਕੇ ਸਰਗਰਮ ਔਰਤਾਂ ਦੀ ਇੱਕ ਜਨਰਲ ਬਾਡੀ ਮੀਟਿੰਗ ਕੀਤੀ ਗਈ।
ਬਲਵਿੰਦਰ ਕੌਰ ਖਾਰਾ ਦੀ ਪ੍ਰਧਾਨਗੀ ਹੇਠ ਬਾਬਾ ਬੂਝਾ ਸਿੰਘ ਯਾਦਗਾਰ ਭਵਨ ਵਿਖੇ ਹੋਈ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਏਪਵਾ ਦੀ ਕੌਮੀ ਕਾਰਜਕਾਰਨੀ ਦੀ ਮੈਂਬਰ ਕਾਮਰੇਡ ਜਸਬੀਰ ਕੌਰ ਨੱਤ ਨੇ ਜਥੇਬੰਦੀ ਦੇ ਪ੍ਰੋਗਰਾਮ ਤੇ ਉਦੇਸ਼ਾਂ ਬਾਰੇ ਜਾਣਕਾਰੀ ਦਿੰਦਿਆਂ ਬੀਤੇ 32 ਸਾਲਾਂ ਵਿਚ ਏਪਵਾ ਵਲੋਂ ਕੀਤੇ ਸੰਘਰਸ਼ਾਂ ਤੇ ਪ੍ਰਾਪਤੀਆਂ ਬਾਰੇ ਦਸਿਆ। ਕਿਰਨਦੀਪ ਕੌਰ ਭੀਖੀ ਅਤੇ ਹਰਜੀਤ ਕੌਰ ਮਾਨਸਾ ਨੇ ਲੜਕੀਆਂ ਤੇ ਔਰਤਾਂ ਨੂੰ ਦਰਪੇਸ਼ ਸਮਸਿਆਵਾਂ ਜਿਵੇਂ ਵੱਧ ਰਹੀ ਬੇਰੁਜ਼ਗਾਰੀ, ਮਨਰੇਗਾ ਤਹਿਤ ਵੀ ਕੰਮ ਨਾ ਮਿਲਣਾ, ਮਹਿੰਗਾਈ ਤੇ ਨਸ਼ਿਆਂ ਦੇ ਵੱਧ ਰਹੇ ਪ੍ਰਕੋਪ, ਵੱਧ ਰਹੀ ਅਸੁਰੱਖਿਆ ਤੇ ਸਮਾਜਿਕ ਜਬਰ ਖਿਲਾਫ ਜਥੇਬੰਦ ਹੋ ਕੇ ਲੜਨ ਦੀ ਲੋੜ ਉਤੇ ਜ਼ੋਰ ਦਿੱਤਾ। ਮੀਟਿੰਗ ਵਲੋਂ ਤਹਿ ਕੀਤਾ ਗਿਆ ਕਿ ਨਵੇਂ ਸਿਰਿਉਂ ਮੈਂਬਰਸ਼ਿਪ ਅਤੇ ਪਿੰਡ ਜਾਂ ਮੁਹੱਲਾ ਇਕਾਈਆਂ ਕਾਇਮ ਕਰਦੇ ਹੋਏ ਮਾਰਚ ਮਹੀਨੇ ਵਿੱਚ ਜ਼ਿਲ੍ਹਾ ਇਜਲਾਸ ਕਰਨ ਵੱਲ ਵਧਿਆ ਜਾਵੇਗਾ।
ਮੀਟਿੰਗ ਵਿੱਚ ਸੋਨੀਆ, ਸੰਤੋਸ਼, ਰੀਨਾ, ਰਕਸ਼ਾ ਦੇਵੀ, ਸੋਨੀ ਕੌਰ, ਮਨਜੀਤ ਕੌਰ ਅਤੇ ਹਰਬੰਸ ਕੌਰ ਖਿਆਲਾ ਨੇ ਵੀ ਚਰਚਾ ਵਿੱਚ ਹਿੱਸਾ ਲਿਆ।