ਫਰੀਦਕੋਟ, 12 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਪੰਜ ਗਰਾਈਂ ਕਲਾਂ ਦੇ ਪੇਂਡੂ ਕੇਂਦਰੀ ਸਹਿਕਾਰੀ ਬੈਂਕ ਦੇ ਸਟ੍ਰਾਂਗ ਰੂਮ ਵਿੱਚੋਂ ਰਾਤ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਗੰਨਮੈਨ ਦੀ ਰਾਈਫਲ ਅਤੇ ਕਾਰਤੂਸ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਅਤੇ ਸਦਰ ਕੋਟਕਪੂਰਾ ਥਾਣੇ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੰਜ ਗਰਾਈਂ ਕਲਾਂ ਦੇ ਕੇਂਦਰੀ ਸਹਿਕਾਰੀ ਬੈਂਕ ਦੇ ਮੈਨੇਜਰ ਵੱਲੋਂ ਪੁਲਿਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਦੇ ਅਨੁਸਾਰ, ਬੀਤੇ ਦਿਨੀ ਉਸਨੂੰ ਪਤਾ ਲੱਗਾ ਕਿ ਬੈਂਕ ਵਿੱਚ ਚੋਰੀ ਹੋਈ ਹੈ। ਜਦੋਂ ਉਨ੍ਹਾਂ ਜਾ ਕੇ ਦੇਖਿਆ ਤਾਂ ਬੈਂਕ ਦਾ ਸ਼ਟਰ ਟੁੱਟਿਆ ਹੋਇਆ ਸੀ ਅਤੇ ਬੈਂਕ ਦੇ ਅੰਦਰਲੇ ਸਟ੍ਰਾਂਗ ਰੂਮ ਦੇ ਦੋਵੇਂ ਦਰਵਾਜ਼ਿਆਂ ਦੇ ਤਾਲੇ ਟੁੱਟੇ ਹੋਏ ਸਨ।
ਜਦੋਂ ਇਸਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਬੈਂਕ ਦੇ ਗੰਨਮੈਨ ਦੀ 12 ਬੋਰ ਰਾਈਫਲ ਅਤੇ 10 ਕਾਰਤੂਸ ਉਥੋਂ ਚੋਰੀ ਹੋ ਗਏ ਸਨ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ 10 ਜਨਵਰੀ ਨੂੰ ਸਵੇਰੇ 3.30 ਵਜੇ ਦੇ ਕਰੀਬ ਤਿੰਨ ਨਕਾਬਪੋਸ਼ ਵਿਅਕਤੀ ਸ਼ਟਰ ਤੋੜ ਕੇ ਬੈਂਕ ਵਿੱਚ ਦਾਖਲ ਹੋਏ ਅਤੇ ਸਿਰਫ਼ ਪੰਜ ਮਿੰਟਾਂ ਵਿੱਚ ਹੀ ਸਟ੍ਰਾਂਗ ਰੂਮ ਦੇ ਤਾਲੇ ਤੋੜ ਕੇ ਰਾਈਫਲ ਅਤੇ ਕਾਰਤੂਸ ਚੋਰੀ ਕਰ ਲਏ। ਏਐਸਆਈ ਸਿਕੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
![](https://www.bolepunjab.com/wp-content/uploads/2025/02/signal-2025-02-12-073044_002.jpeg)