ਖੰਨਾ, 12 ਫ਼ਰਵਰੀ,ਬੋਲੇ ਪੰਜਾਬ ਬਿਊਰੋ;
ਖੰਨਾ ਵਿੱਚ ਨਹਿਰੀ ਵਿਭਾਗ ਦੇ ਰਿਟਾਇਰਡ ਪਟਵਾਰੀ ਅਤੇ ਫਰਜ਼ੀ ਪੱਤਰਕਾਰ ਵਾਸੀ ਨਿਊ ਮਾਡਲ ਟਾਊਨ, ਚੂਨਾ ਭੱਠੀ ਵਾਲੀ ਗਲੀ, ਅਮਲੋਹ ਰੋਡ ਖੰਨਾ ਨੂੰ ਧੋਖਾਧੜੀ ਦੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਸਿਟੀ ਥਾਣਾ ਦੇ ਸਬ ਇੰਸਪੈਕਟਰ ਚਰਨਜੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਟੀਮ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ। ਇਸ ਕੇਸ ਵਿੱਚ ਮੁਲਜ਼ਮਾਂ ਨੂੰ ਜ਼ਿਲ੍ਹਾ ਸੈਸ਼ਨ ਅਦਾਲਤ ਤੋਂ ਵੱਡਾ ਝਟਕਾ ਲੱਗਣ ਤੋਂ ਬਾਅਦ, ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਵੀ ਰਾਹਤ ਨਹੀਂ ਮਿਲੀ ਸੀ।
ਅਗਾਊਂ ਜਮਾਨਤ ’ਤੇ ਸੁਣਵਾਈ ਦੌਰਾਨ ਮਾਨਯੋਗ ਅਦਾਲਤ ਨੇ ਰਿਆੜ ਦੀ ਜਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ ਸੀ, ਜਿਸ ਤੋਂ ਬਾਅਦ ਉਹ ਪੁਲਿਸ ਤੋਂ ਬਚਦਾ ਆ ਰਿਹਾ ਸੀ। ਦੱਸਣਯੋਗ ਹੈ ਕਿ ਪਹਿਲਾਂ ਜ਼ਿਲ੍ਹਾ ਸੈਸ਼ਨ ਅਦਾਲਤ ਨੇ ਉਸਨੂੰ ਅਗਾਊਂ ਜਮਾਨਤ ਦੇ ਦਿੱਤੀ ਸੀ। ਪਰ ਦੋਵੇਂ ਪੱਖਾਂ ਵਿੱਚ ਹੋਈ ਬਹਿਸ ਦੇ ਬਾਅਦ ਮਾਨਯੋਗ ਜੱਜ ਨੇ ਅਗਾਊਂ ਜਮਾਨਤ ਨੂੰ ਰੱਦ ਕਰਦੇ ਹੋਏ ਪੁਲਿਸ ਨੂੰ ਉਸਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਜਾਰੀ ਕੀਤੇ ਸਨ। ਯਾਦ ਰਹੇ ਕਿ ਜਸਵਿੰਦਰ ਸਿੰਘ ਰਿਆੜ ਖ਼ਿਲਾਫ ਕੁਝ ਸਮਾਂ ਪਹਿਲਾਂ 2 ਲੱਖ ਰੁਪਏ ਦੀ ਹੇਰਾਫੇਰੀ ਦਾ ਕੇਸ ਦਰਜ ਕੀਤਾ ਗਿਆ ਸੀ। ਜਸਵਿੰਦਰ ਸਿੰਘ ਨੇ ਆਪਣੇ ਪਿਤਾ ਦੇ 2 ਵੱਖਰੇ ਨਾਮ ਵਰਤ ਕੇ ਇੱਕ ਨਾਮ ਨਾਲ ਸਰਕਾਰੀ ਨੌਕਰੀ ਲਈ ਅਤੇ ਦੂਜੇ ਨਾਲ ਕਾਰਡ ਬਣਾਕੇ ਸਰਕਾਰੀ ਲਾਭ ਪ੍ਰਾਪਤ ਕੀਤਾ।
ਉਸਨੇ ਸਰਕਾਰ ਤੋਂ 2 ਲੱਖ ਦੀ ਗਰਾਂਟ ਵੀ ਲਈ ਸੀ। ਇਹ ਕਾਰਵਾਈ ਦਲਜੀਤ ਕੌਰ ਦੀ ਸ਼ਿਕਾਇਤ ’ਤੇ ਹੋਈ ਸੀ। ਜਸਵਿੰਦਰ ਸਿੰਘ ਨੇ 1 ਨਵੰਬਰ 2023 ਤੋਂ ਪੱਤਰਕਾਰਤਾ ਸ਼ੁਰੂ ਕੀਤੀ। ਇਸ ਤੋਂ ਪਹਿਲਾਂ ਉਹ ਕਦੇ ਵੀ ਪੱਤਰਕਾਰ ਨਹੀਂ ਸੀ। ਸ਼ਿਕਾਇਤਕਰਤਾ ਦਲਜੀਤ ਕੌਰ ਨੇ 2014 ਤੋਂ 2023 ਤੱਕ ਜਸਵਿੰਦਰ ਸਿੰਘ ਦੀਆਂ ਖ਼ਬਰਾਂ ਦੀਆਂ ਕਟਿੰਗਾਂ, ਵੀਡੀਓ ਕਲਿੱਪਾਂ ਆਦਿ ਨੂੰ ਸਬੂਤ ਦੇ ਤੌਰ ’ਤੇ ਪੇਸ਼ ਕੀਤਾ ਸੀ।