ਫਿਰੋਜ਼ਪੁਰ, 12 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿੱਚ ਬੀਤੇ ਦਿਨ ਤਲਾਸ਼ੀ ਦੌਰਾਨ ਨਸ਼ੀਲੇ ਕੈਪਸੂਲ ਬਿਨਾ ਮਾਰਕਾ, ਚਾਰਜਰ ਵਾਇਰ, ਚਾਰਜਰ ਐਡਾਪਟਰ, ਤੰਬਾਕੂ ਦੀਆਂ ਪੂੜੀਆਂ ਅਤੇ ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ। ਇਸ ਸਬੰਧ ਵਿੱਚ ਪੁਲਿਸ ਨੇ ਜੇਲ੍ਹ ਅਧਿਕਾਰੀਆਂ ਦੇ ਬਿਆਨ ’ਤੇ ਥਾਣਾ ਸਿਟੀ ਫਿਰੋਜ਼ਪੁਰ ਵਿੱਚ 4 ਹਵਾਲਾਤੀਆਂ, 1 ਕੈਦੀ ਅਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਹੇਠ ਮਾਮਲੇ ਦਰਜ ਕੀਤੇ ਹਨ।
ਥਾਣਾ ਸਿਟੀ ਫਿਰੋਜ਼ਪੁਰ ਦੇ ਸਬ ਇੰਸਪੈਕਟਰ ਸਵਰਨ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਪੱਤਰ ਵਿੱਚ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਸੁਪਰਿੰਟੈਂਡੈਂਟ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਪਿਛਲੇ ਦਿਨ ਉਨ੍ਹਾਂ ਨੇ ਜੇਲ੍ਹ ਵਿੱਚ ਤਲਾਸ਼ੀ ਮੁਹਿੰਮ ਚਲਾ ਕੇ 954 ਨਸ਼ੀਲੇ ਕੈਪਸੂਲ ਬਿਨਾ ਮਾਰਕਾ, 10 ਚਾਰਜਰ ਵਾਇਰ, 3 ਚਾਰਜਰ ਐਡਾਪਟਰ ਅਤੇ 16 ਪੂੜੀਆਂ ਜਰਦਾ ਤੰਬਾਕੂ ਬਰਾਮਦ ਕੀਤਾ ਹੈ।
ਇਸ ਤੋਂ ਇਲਾਵਾ, ਇੱਕ ਹੋਰ ਮਾਮਲੇ ਸੰਬੰਧੀ ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਗੁਰਮਨਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਮਹਾਤਮ ਨਗਰ ਢੋਲਾ ਭੈਣੀ ਸਦਰ ਫਾਜ਼ਿਲਕਾ, ਹਵਾਲਾਤੀ ਜਸਵਿੰਦਰ ਸਿੰਘ ਪੁੱਤਰ ਸੋਨਾ ਸਿੰਘ ਉਰਫ਼ ਸੋਨੂ ਬਸਤੀ ਘੁਮਾਰਾਂ ਵਾਲੀ ਜਲਾਲਾਬਾਦ, ਕੈਦੀ ਸੁਖਵਿੰਦਰ ਸਿੰਘ ਉਰਫ਼ ਸੁੱਖਾ ਪੁੱਤਰ ਹਰਕ੍ਰਿਸ਼ਨ ਲਾਲ ਵਾਸੀ ਮੋਹਨਕੇ ਹਿਠਾੜ, ਹਵਾਲਾਤੀ ਰਾਜਾ ਉਰਫ਼ ਲਾਡੀ ਪੁੱਤਰ ਰੋਸ਼ਨ ਵਾਸੀ ਬਸਤੀ ਗੁਰੂ ਕਰਮ ਸਿੰਘ ਵਾਰਡ ਨੰਬਰ 8 ਗੁਰੂਹਰਸਹਾਏ, ਫਿਰੋਜ਼ਪੁਰ ਅਤੇ ਹਵਾਲਾਤੀ ਦੇਵੀ ਲਾਲ ਪੁੱਤਰ ਮਦਨਾ ਰਾਮ ਵਾਸੀ ਕਾਸ਼ਤੀ ਥਾਣਾ ਖੇਡਪਾ, ਜੋਧਪੁਰ (ਰਾਜਸਥਾਨ) ਤੋਂ 6 ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ।
ਮਾਮਲਿਆਂ ਦੀ ਜਾਂਚ ਕਰ ਰਹੇ ਸਵਰਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਉਕਤ ਮਾਮਲਿਆਂ ਵਿੱਚ ਮੁਲਜ਼ਮ ਵਿਰੁੱਧ ਮਾਮਲੇ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
![](https://www.bolepunjab.com/wp-content/uploads/2025/02/signal-2025-02-12-062805_002.jpeg)