ਚੰਦਭਾਨ ਪਿੰਡ ਵਿਖੇ ਮਜ਼ਦੂਰਾਂ ਦੇ ਪਰਿਵਾਰਾਂ ਤੇ ਹਕੂਮਤੀ ਜ਼ਬਰ ਕਰਨ ਦੀ ਜ਼ੋਰਦਾਰ ਨਿਖੇਦੀ
ਸ਼੍ਰੀ ਚਮਕੌਰ ਸਾਹਿਬ,12, ਫਰਵਰੀ ,ਬੋਲੇ ਪੰਜਾਬ ਬਿਊਰੋ :
ਬਿਲਡਿੰਗ ਉਸਾਰੀ ਨਾਲ ਸੰਬੰਧਿਤ ਸ੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ (ਰਜਿ) ਸਬੰਧਤ ਇਫਟੂ ਬਲਾਕ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਦਲਵੀਰ ਸਿੰਘ ਜਟਾਣਾ, ਬਲਵਿੰਦਰ ਸਿੰਘ ਭੈਰੋ ਮਾਜਰਾ ਦੀ ਪ੍ਰਧਾਨਗੀ ਹੇਠ ਸ਼੍ਰੀ ਵਿਸ਼ਵਕਰਮਾਂ ਭਵਨ ਵਿਖੇ ਹੋਈ ।ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਯੂਨੀਅਨ ਦੇ ਜ/ਸ ਮਿਸਤਰੀ ਮਨਮੋਹਣ ਸਿੰਘ ਕਾਲਾ ਨੇ ਦੱਸਿਆ ਕਿ ਇਫਟੂ ਦੀ ਸੂਬਾ ਕਮੇਟੀ ਤੇ ਫੈਸਲੇ ਮੁਤਾਬਕ ਉਸਾਰੀ ਨਾਲ ਸੰਬੰਧਿਤ ਮਜ਼ਦੂਰਾਂ ਦੀਆਂ ਮੰਗਾਂ ਅਤੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਕਾਰਪੋਰੇਟ ਪੱਖੀ ਚਾਰ ਲੇਬਰ ਕੋਡਾਂ ਵਿਰੁੱਧ 4 ਮਾਰਚ ਨੂੰ ਕਿਰਤ ਕਮਿਸ਼ਨ ਪੰਜਾਬ ਚੰਡੀਗੜ੍ਹ ਦੇ ਮੁੱਖ ਦਫਤਰ ਮੋਹਾਲੀ ਵਿਖੇ ਕੀਤੀ ਜਾ ਰਹੀ ਰੈਲੀ ਵਿੱਚ ਬਲਾਕ ਸ੍ਰੀ ਚਮਕੌਰ ਸਾਹਿਬ ਤੋਂ ਮਿਸਤਰੀਆਂ ਤੇ ਮਜ਼ਦੂਰਾਂ ਦੀ ਸ਼ਮੂਲੀਅਤ ਲਈ ਵਿਚਾਰ ਚਰਚਾ ਕੀਤੀ ਗਈ ।ਜਿਸ ਵਿੱਚ ਵੱਖ-ਵੱਖ ਵਹੀਕਲਾਂ ਰਾਹੀਂ ਲੇਬਰ ਚੌਂਕ ਤੋਂ ਵੱਡੇ ਕਾਫਲੇ ਰਾਹੀਂ ਮੋਹਾਲੀ ਰੈਲੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਜਿਸ ਸਬੰਧੀ ਆਗੂਆਂ ਦੀਆਂ ਵੱਖ ਵੱਖ ਜਿੰਮੇਵਾਰੀਆਂ ਲਾਈਆਂ ਗਈਆਂ। ਮੀਟਿੰਗ ਵਿੱਚ ਲੇਬਰ ਚੌਂਕ ਨੂੰ ਮੁਕੰਮਲ ਕਰਾਉਣ ਲਈ ਅਤੇ ਬਾਥਰੂਮਾਂ ਦੇ ਪਾਏ ਗਏ ਲੈਂਟਰ ਜੋ ਸਮੇਂ ਤੋਂ ਪਹਿਲਾਂ ਹੀ ਟੁੱਟਣ ਲੱਗ ਗਿਆ ਹੈ। ਸਬੰਧੀ ਕਾਰਜ ਸਾਧਕ ਅਫਸਰ ਚਮਕੌਰ ਸਾਹਿਬ ਤੋਂ ਜਾਂਚ ਕਰਾਉਣ ਲਈ ਪੱਤਰ ਵਿਹਾਰ ਕੀਤਾ ਜਾ ਰਿਹਾ ਹੈ ਅਤੇ ਇਸ ਸਬੰਧੀ ਕਾਰਜ ਸਾਧਕ ਅਫਸਰ ਵੱਲੋਂ ਜਥੇਬੰਦੀ ਨੂੰ ਮੀਟਿੰਗ ਦਾ ਸਮਾਂ ਦੇਣ ਦਾ ਭਰੋਸਾ ਦਿੱਤਾ ਗਿਆ। ਮੀਟਿੰਗ ਵਿੱਚ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਚੰਦਭਾਨ ਵਿਖੇ ਮਜ਼ਦੂਰਾਂ ਦੇ ਪਰਿਵਾਰਾਂ ਤੇ ਪੰਜਾਬ ਸਰਕਾਰ ਦੀ ਸ਼ਹਿ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਜਬਰ ਕਰਨ ,ਘਰਾਂ ਦੀ ਭੰਨ ਤੋੜ ਕਰਨ ਅਤੇ ਦੇਸ਼ ਧਰੋ ਵਰਗੇ ਸੰਗੀਨ ਪਰਚੇ ਦਰਜ ਕਰਨ ਦੀ ਜ਼ੋਰਦਾਰ ਨਿਖੇਦੀ ਕੀਤੀ ਗਈ। ਮੀਟਿੰਗ ਵਿੱਚ ਚੰਦਭਾਨ ਕਾਂਡ ਵਿਰੋਧੀ ਐਕਸ਼ਨ ਕਮੇਟੀ ਦੇ ਸੰਘਰਸ਼ ਦੀ ਡਟਮੀ ਹਮਾਇਤ ਕਰਨ ਦਾ ਫੈਸਲਾ ਕੀਤਾਂ ਗਿਆ।ਮੀਟਿੰਗ ਵਿੱਚ ਅਜੈਬ ਸਿੰਘ ਸਮਾਣਾ, ਗੁਰਮੇਲ ਸਿੰਘ, ਗੁਲਾਬ ਚੰਦ ਚੌਹਾਨ, ਰਾਜਿੰਦਰ ਸਿੰਘ ਰਾਜੂ, ਰਮੇਸ਼ ਕੁਮਾਰ ਕਾਕਾ, ਜਸਵੰਤ ਸਿੰਘ ,ਫੂਲ ਚੰਦ ਜਗਮੀਤ ਸਿੰਘ ,ਜਸਬੀਰ ਸਿੰਘ ਜੱਸੀ, ਮਲਾਗਰ ਸਿੰਘ ,ਰਘਵੀਰ ਸਿੰਘ, ਬੂਟਾ ਸਿੰਘ ਆਦਿ
ਹਾਜਰ ਸਨ ।