ਮੋਹਾਲੀ 11 ਫਰਵਰੀ ,ਬੋਲੇ ਪੰਜਾਬ ਬਿਊਰੋ :
ਇੱਥੋਂ ਨੇੜਲੇ ਪਿੰਡ ਸੋਹਾਣਾ ਵਿਖੇ ਪ੍ਰਬੰਧਕ ਕਮੇਟੀ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਅਤੇ ਪ੍ਰਬੰਧਕ ਕਮੇਟੀ ਗੁ: ਡੇਰਾ ਸਾਹਿਬ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ । ਇਹ ਨਗਰ ਕੀਰਤਨ ਗੁਰਦੁਆਰਾ ਡੇਰਾ ਸਾਹਿਬ ਜੀ ਤੋਂ ਅਰੰਭ ਹੋ ਕੇ ਪੂਰੇ ਇਲਾਕੇ ਅਤੇ ਗੁ: ਸਿੰਘ ਸ਼ਹੀਦਾਂ ਦੀ ਪ੍ਰਕਰਮਾ ਕਰਦਾ ਹੋਇਆ, ਗੁਰਦੁਆਰਾ ਡੇਰਾ ਸਾਹਿਬ ਵਿੱਚ ਹੀ ਸਮਾਪਤ ਹੋਇਆ । ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ । ਉਨ੍ਹਾਂ ਦੇ ਪਿੱਛੇ ਉਚੇਚੇ ਤੌਰ ਤੇ ਗੱਡੀ ਦੀ ਬਣਾਈ ਗਈ ਸ਼ੀਸ਼ੇ ਦੀ ਆਲੀਸ਼ਾਨ ਪਾਲਕੀ ਸਾਹਿਬ ਜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਬਿਰਾਜਮਾਨ ਕਰਵਾਏ ਗਏ ਸਨ । ਇਸ ਪਾਲਕੀ ਸਾਹਿਬ ਜੀ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਫੁੱਲਾਂ ਨਾਲ ਸਜਾਇਆ ਗਿਆ ਸੀ । ਪਾਲਕੀ ਸਾਹਿਬ ਜੀ ਦੇ ਪਿੱਛੇ ਰਾਗੀ ਸਿੰਘਾਂ ਅਤੇ ਸੰਗਤਾਂ ਵੱਲੋਂ ਗੁਰਬਾਣੀ ਦੇ ਮਨੋਹਰ ਕੀਰਤਨ ਦਾ ਗਾਇਨ ਕੀਤਾ ਜਾ ਰਿਹਾ ਸੀ ।ਇਸ ਮੌਕੇ ਇਲਾਕੇ ਦੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਭਾਗ ਲਿਆ । ਨਗਰ ਕੀਰਤਨ ਵਿੱਚ ਫੌਜੀ ਬੈਂਡ, ਗਤਕਾ ਪਾਰਟੀਆਂ ਅਤੇ ਹੋਰ ਕਈ ਬੈਂਡ ਵਾਲਿਆਂ ਨੇ ਨਗਰ ਕੀਰਤਨ ਦੀ ਸ਼ੋਭਾ ਵਧਾਈ । ਨਗਰ ਕੀਰਤਨ ਦੇ ਪੂਰੇ ਰਸਤੇ ਨੂੰ ਸਵਾਗਤੀ ਗੇਟਾਂ ਨਾਲ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ । ਨਗਰ ਕੀਰਤਨ ਦਾ ਥਾਂ ਥਾਂ ਤੇ ਨਿੱਘਾ ਸਵਾਗਤ ਕੀਤਾ ਗਿਆ । ਸੰਗਤਾਂ ਵੱਲੋਂ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਂਟ ਕੀਤੇ ਗਏ ਅਤੇ ਸੰਗਤਾਂ ਵੱਲੋਂ ਥਾਂ ਥਾਂ ਤੇ ਚਾਹ, ਬ੍ਰੈੱਡ ਪਕੌੜੇ, ਮਠਿਆਈਆਂ, ਸੁੱਕੇ ਮੇਵਿਆਂ ਦਾ ਪ੍ਰਸ਼ਾਦ ਅਤੁੱਟ ਵਰਤਾਇਆ ਗਿਆ ।
ਇਸ ਮੌਕੇ ਪ੍ਰਬੰਧਕ ਕਮੇਟੀ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਬੁਲਾਰੇ ਨੇ ਦੱਸਿਆ ਕਿ ਆਉਣ ਵਾਲੀ ਮਿਤੀ 12 ਫਰਵਰੀ ਨੂੰ ਸ਼੍ਰੋਮਣੀ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਗੁ: ਸਿੰਘ ਸ਼ਹੀਦਾਂ ਸੋਹਾਣਾ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ ਜੀ । ਜਨਮ ਦਿਹਾੜਾ ਦੀ ਖੁਸ਼ੀ ਵਿੱਚ ਇਸ ਦਿਨ ਸਵੇਰੇ 9:00 ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ । ਇਸ ਉਪਰੰਤ ਉੱਚ ਕੋਟੀ ਦੇ ਢਾਡੀ, ਕਵੀਸ਼ਰ, ਸੰਤ ਵਿਦਵਾਨ ਸੰਗਤਾਂ ਨੂੰ ਸਾਰਾ ਦਿਨ ਹਰਿ ਜਸ ਸੁਣਾ ਕੇ ਨਿਹਾਲ ਕਰਨਗੇ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ ਜੀ।