ਤਰਨਤਾਰਨ, 11 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਤਰਨਤਾਰਨ ਜ਼ਿਲ੍ਹਾ ਪੁਲਿਸ ਨੇ ਪਾਕਿਸਤਾਨੀ ਤਸਕਰਾਂ ਕੋਲੋਂ ਡ੍ਰੋਨ ਦੀ ਮਦਦ ਨਾਲ ਹੈਰੋਇਨ ਮੰਗਵਾਉਣ ਵਾਲੇ ਦੋ ਜਣਿਆਂ ਨੂੰ ਇਕ ਕਿੱਲੋ ਤੋਂ ਵੱਧ ਹੈਰੋਇਨ ਦੀ ਖੇਪ ਬਰਾਮਦ ਕਰਕੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਜਿਨ੍ਹਾਂ ਦੇ ਖਿਲਾਫ ਥਾਣਾ ਖਾਲੜਾ ਵਿਚ ਐੱਨਡੀਪੀਐੱਸ ਅਤੇ ਏਅਰ ਕਰਾਫਟ ਐਕਟ ਦੇ ਤਹਿਤ ਕੇਸ ਦਰਜ ਕਰਕੇ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਐੱਸਐੱਸਪੀ ਅਭਿਮੰਨਿਊ ਰਾਣਾ ਨੇ ਦੱਸਿਆ ਕਿ ਥਾਣਾ ਖਾਲੜਾ ਦੇ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਆਪਣੀ ਟੀਮ ਸਮੇਤ ਪਿੰਡ ਵਾਂ ਤਾਰਾ ਸਿੰਘ ਵਿਖੇ ਮੌਜੂਦ ਸਨ। ਇਸੇ ਦੌਰਾਨ ਪੁਖਤਾ ਜਾਣਕਾਰੀ ਹੱਥ ਲੱਗੀ ਕਿ ਸੰਨੀ ਪੁੱਤਰ ਲਹੌਰਾ ਸਿੰਘ ਅਤੇ ਬਲਵਿੰਦਰ ਸਿੰਘ ਉਰਫ ਬੱਬੂ ਪੁੱਤਰ ਜੈਮਲ ਸਿੰਘ ਵਾਸੀ ਪਿੰਡ ਡੱਲ ਦੇ ਪਾਕਿਸਤਾਨੀ ਸਮਗੱਲਰਾਂ ਨਾਲ ਸਬੰਧ ਹਨ। ਇਹ ਲੋਕ ਪਾਕਿਸਤਾਨ ਦੇ ਸਮਗੱਲਰਾਂ ਕੋਲੋਂ ਸਰਹੱਦ ਪਾਰੋਂ ਡ੍ਰੋਨ ਅਤੇ ਹੋਰ ਤਰੀਕਿਆਂ ਰਾਂਹੀ ਹੈਰੋਇਨ ਦੀਆਂ ਖੇਪਾਂ ਮੰਗਵਾ ਕੇ ਤਰਨਤਾਰਨ ਅਤੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ ਸਪਲਾਈ ਕਰਦੇ ਹਨ। ਉਨ੍ਹਾਂ ਦੇ ਹੱਥ ਇਹ ਵੀ ਸੂਚਨਾ ਲੱਗੀ ਸੀ ਕਿ ਉਕਤ ਲੋਕ ਹੀਰੋ ਸਪਲੈਂਡਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਹੈਰੋਇਨ ਦੀ ਸਪਲਾਈ ਕਰਨ ਲਈ ਪਿੰਡ ਡੱਲ ਨਜ਼ਦੀਕ ਘੁੰਮ ਰਹੇ ਹਨ। ਜਿਸ ’ਤੇ ਥਾਣਾ ਮੁਖੀ ਦੀ ਟੀਮ ਨੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ। ਜਿਸ ਦੌਰਾਨ ਪਿੰਡ ਡੱਲ ਵੱਲੋਂ ਆ ਰਹੇ ਮੋਟਰਸਾਈਕਲ ਦੋ ਜਣੇ ਪੁਲਿਸ ਨੂੰ ਵੇਖ ਪਿੱਛੇ ਮੁੜਨ ਲੱਗੇ ਪਰ ਕਰਮਚਾਰੀਆਂ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ।
ਪੁੱਛਗਿੱਛ ਦੌਰਾਨ ਜਦੋਂ ਉਨ੍ਹਾਂ ਦੀ ਪਛਾਣ ਸੰਨੀ ਅਤੇ ਬਲਵਿੰਦਰ ਸਿੰਘ ਬੱਬੂ ਵਜੋਂ ਹੋਈ ਤਾਂ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਜਿਨ੍ਹਾਂ ਦੀ ਤਲਾਸ਼ੀ ਲੈਣ ’ਤੇ 1 ਕਿੱਲੋ 22 ਗ੍ਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਦੋਵਾਂ ਕੋਲੋਂ ਮਿਲੇ ਮੋਬਾਈਲ ਫੋਨ ਤੇ ਮੋਟਰਸਾਈਕਲ ਵੀ ਕਬਜੇ ਵਿਚ ਲੈ ਕੇ ਕੇਸ ਵਿਚ ਸ਼ਾਮਲ ਕਰਨ ਲਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਦੋਵਾਂ ਖਿਲਾਫ ਪਹਿਲਾਂ ਵੀ ਇਕ ਇਕ ਕੇਸ ਦਰਜ ਹੈ।
![](https://www.bolepunjab.com/wp-content/uploads/2025/02/signal-2025-02-11-063350_002.jpeg)