ਅੰਮ੍ਰਿਤਸਰ, 11 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਅੰਮ੍ਰਿਤਸਰ ਪੁਲਿਸ ਦੀ ਸੀ.ਆਈ.ਏ. ਟੀਮ ਨੇ ਥਾਣਾ ਸਦਰ ਦੀ ਪੁਲਿਸ ਟੀਮ ਦੇ ਸਹਿਯੋਗ ਨਾਲ ਵਿਦੇਸ਼ ਵਿੱਚ ਰਹਿ ਰਹੇ ਅੱਤਵਾਦੀ ਹੈਪੀ ਪਾਸੀਆ ਵੱਲੋਂ ਚਲਾਏ ਜਾ ਰਹੇ ਅੱਤਵਾਦੀ ਮੋਡੀਊਲ ਦਾ ਪਰਦਾਫਾਸ਼ ਕਰਦੇ ਹੋਏ ਅਜਨਾਲਾ ਅਤੇ ਰਾਜਾਸਾਂਸੀ ਇਲਾਕੇ ਤੋਂ 3 ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਬਦਮਾਸ਼ਾਂ ਦੀ ਪਹਿਚਾਣ ਲਵਪ੍ਰੀਤ ਸਿੰਘ ਉਰਫ਼ ਲਾਭਾ ਪੁੱਤਰ ਮਨਜੀਤ ਸਿੰਘ ਵਸਨੀਕ ਜਗਦੇਵ ਕਲਾਂ ਅੰਮ੍ਰਿਤਸਰ,ਕਰਨਦੀਪ ਸਿੰਘ ਉਰਫ਼ ਕਰਨ ਪੁੱਤਰ ਹਰਜਿੰਦਰ ਸਿੰਘ ਵਸਨੀਕ ਜਗਦੇਵ ਕਲਾਂ ਅੰਮ੍ਰਿਤਸਰ ਅਤੇ ਬੂਟਾ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ।
ਜਾਂਚ ਦੌਰਾਨ ਪਤਾ ਲੱਗਾ ਕਿ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆ, ਜੋ ਇਸ ਵੇਲੇ ਵਿਦੇਸ਼ ਵਿੱਚ ਰਹਿ ਰਿਹਾ ਹੈ, ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਅੱਤਵਾਦੀ ਮੋਡੀਊਲ ਚਲਾ ਰਿਹਾ ਸੀ। ਉਸਨੇ ਗ੍ਰਿਫ਼ਤਾਰ ਕੀਤੇ ਦੋਸ਼ੀਆਂ ਨੂੰ ਗੁਮਰਾਹ ਕੀਤਾ ਅਤੇ ਆਪਣੇ ਨਿਰਦੇਸ਼ਾਂ ’ਤੇ ਉਨ੍ਹਾਂ ਨੂੰ ਗੈਰਕਾਨੂੰਨੀ ਸਰਗਰਮੀਆਂ ਵੱਲ ਮੋੜ ਦਿੱਤਾ।
ਜਾਂਚ ਦੌਰਾਨ ਇਹ ਵੀ ਖੁਲਾਸਾ ਹੋਇਆ ਕਿ ਗ੍ਰਿਫ਼ਤਾਰ ਕੀਤਾ ਦੋਸ਼ੀ ਬੂਟਾ ਸਿੰਘ ਦਾ ਭਰਾ ਦੂਬਈ ਵਿੱਚ ਰਹਿੰਦਾ ਹੈ, ਜਿੱਥੇ ਹੈਪੀ ਪਾਸੀਆ ਵੀ ਸਮੇਂ-ਸਮੇਂ ’ਤੇ ਮੌਜੂਦ ਰਹਿੰਦਾ ਸੀ। ਇਸ ਸੰਪਰਕ ਰਾਹੀਂ ਬੂਟਾ ਸਿੰਘ, ਲਵਪ੍ਰੀਤ ਸਿੰਘ (ਲਾਭਾ) ਅਤੇ ਕਰਨਦੀਪ ਸਿੰਘ (ਕਰਨ) ਨੇ ਸੋਸ਼ਲ ਮੀਡੀਆ ਰਾਹੀਂ ਹੈਪੀ ਪਾਸੀਆ ਨਾਲ ਸੰਪਰਕ ਕੀਤਾ। ਹੈਪੀ ਪਾਸੀਆ ਨੇ ਉਨ੍ਹਾਂ ਨੂੰ ਉੱਚ ਤਕਨੀਕ ਵਾਲੇ ਅਤੇ ਆਟੋਮੈਟਿਕ ਹਥਿਆਰ ਮੁਹੱਈਆ ਕਰਵਾਏ ਅਤੇ ਵਿੱਤੀ ਸਹਾਇਤਾ ਵੀ ਦਿੱਤੀ। ਬੂਟਾ ਸਿੰਘ ਅਤੇ ਲਵਪ੍ਰੀਤ ਸਿੰਘ (ਲਾਭਾ) ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ’ਤੇ ਪੁਲਿਸ ਨੇ ਅਜਨਾਲਾ ਅਤੇ ਰਾਜਾਸਾਂਸੀ ਇਲਾਕਿਆਂ ਤੋਂ ਇੱਕ ਏ.ਕੇ.-47 ਰਾਈਫਲ (4 ਰਾਉਂਡ) ਅਤੇ ਇੱਕ ਪਿਸਤੌਲ (5 ਰਾਉਂਡ) ਬਰਾਮਦ ਕੀਤੇ ਹਨ।