13.5 ਲੱਖ ਰੁਪਏ ਤੇ 28,500 ਥਾਈ ਕਰੰਸੀ ਸਣੇ ਤਿੰਨ ਲੁਟੇਰੇ ਗ੍ਰਿਫਤਾਰ
ਜਲੰਧਰ, 10 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸ਼ਹਿਰ ਵਿੱਚ ਇੱਕ ਹਾਈ-ਪ੍ਰੋਫਾਈਲ ਡਕੈਤੀ ਦੇ ਮਾਮਲੇ ਨੂੰ ਸੁਲਝਾਉਂਦਿਆਂ 13.5 ਲੱਖ ਰੁਪਏ ਅਤੇ 28,500 ਥਾਈ ਕਰੰਸੀ ਦੇ ਨਾਲ ਤਿੰਨ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ।
ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ 5 ਫਰਵਰੀ ਨੂੰ ਮਨੋਜ ਜੈਨ ਨਿਵਾਸੀ ਮੋਤਾ ਸਿੰਘ ਨਗਰ, ਜਲੰਧਰ ਦੇ ਬਿਆਨ ਦੇ ਆਧਾਰ ’ਤੇ ਕੇਸ ਦਰਜ ਕੀਤਾ ਗਿਆ ਸੀ। ਆਪਣੀ ਸ਼ਿਕਾਇਤ ਵਿੱਚ ਮਨੋਜ ਜੈਨ ਨੇ ਕਿਹਾ ਕਿ ਉਹ ਵੈਸਟਰਨ ਯੂਨੀਅਨ ਅਤੇ ਮਨੀਗ੍ਰਾਮ ਨਾਲ ਕੰਮ ਕਰਦੇ ਹਨ। 5 ਫਰਵਰੀ ਨੂੰ ਸ਼ਾਮ ਤਕਰੀਬਨ 6 ਵਜੇ, ਜਦੋਂ ਉਹ ਆਪਣੇ ਐਕਟੀਵਾ ’ਤੇ ਘਰ ਜਾ ਰਹੇ ਸਨ ਤਾਂ ਗ੍ਰੀਨ ਪਾਰਕ ਇਲਾਕੇ ਦੇ ਨੇੜੇ ਮੋਟਰਸਾਈਕਲ ’ਤੇ ਤਿੰਨ ਲੁਟੇਰਿਆਂ ਨੇ ਉਨ੍ਹਾਂ ’ਤੇ ਹਮਲਾ ਕੀਤਾ।
ਉਨ੍ਹਾਂ ਕਿਹਾ ਕਿ ਹਮਲਾਵਰਾਂ ਨੇ ਉਨ੍ਹਾਂ ’ਤੇ ਛੁਰੀ ਅਤੇ ਡੰਡਿਆਂ ਨਾਲ ਹਮਲਾ ਕੀਤਾ, ਜਿਸ ਨਾਲ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ।ਲੁਟੇਰਿਆਂ ਨੇ 13.6 ਲੱਖ ਰੁਪਏ ਨਕਦ, 28,500 ਥਾਈ ਕਰੰਸੀ ਅਤੇ ਇੱਕ ਆਈਫੋਨ 14 ਪ੍ਰੋ ਮੈਕਸ ਲੁੱਟ ਲਿਆ। ਲੁਟੇਰਿਆਂ ਦੀ ਪਹਿਚਾਣ ਗੁਰਬਹਾਰ ਸਿੰਘ ਨਿਵਾਸੀ ਪਿੰਡ ਕੋਟ ਕਲਾਂ, ਹਰਪ੍ਰੀਤ ਸਿੰਘ ਨਿਵਾਸੀ ਪਿੰਡ ਬੇਸੇਸਰਪੁਰ ਅਤੇ ਹਰਸ਼ ਵਰਮਾ ਨਿਵਾਸੀ ਕੰਗ ਸਾਹਿਬੂ ਵਜੋਂ ਹੋਈ।
ਉਨ੍ਹਾਂ ਦੱਸਿਆ ਕਿ ਪੁਲਿਸ ਨੇ 13.5 ਲੱਖ ਨਕਦ, 28,500 ਥਾਈ ਕਰੰਸੀ, ਹਮਲੇ ਵਿੱਚ ਵਰਤੀ ਗਈ ਛੁਰੀ ਅਤੇ ਡੰਡੇ ਤੇ ਲੁੱਟ ਦੌਰਾਨ ਵਰਤੀ ਗਈ ਬਾਈਕ ਬਰਾਮਦ ਕਰ ਲਈ ਹੈ।