ਈਟਾਵਾ, 10 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਮਹਾਕੁੰਭ ਤੋਂ ਨੋਇਡਾ ਵਾਪਸ ਆ ਰਹੀ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਜਦੋਂ ਭਰਥਾਨਾ ਰੋਡ ਓਵਰਬ੍ਰਿਜ ’ਤੇ ਬੱਸ ਟਰੱਕ ਨਾਲ ਟਕਰਾ ਗਈ। ਇਸ ਦਰਦਨਾਕ ਹਾਦਸੇ ਵਿੱਚ ਦੋ ਮਹਿਲਾ ਸ਼ਰਧਾਲੂਆਂ ਦੀ ਮੌਤ ਹੋ ਗਈ, ਜਦਕਿ 21 ਹੋਰ ਯਾਤਰੀ ਜ਼ਖ਼ਮੀ ਹੋ ਗਏ।
ਸੀਨੀਅਰ ਪੁਲੀਸ ਕਪਤਾਨ (ਐਸਐਸਪੀ) ਸੰਜੇ ਕੁਮਾਰ ਨੇ ਦੱਸਿਆ ਕਿ 24 ਯਾਤਰੀਆਂ ਨਾਲ ਭਰੀ ਬੱਸ ਟਰੱਕ ਨੂੰ ਓਵਰਟੇਕ ਕਰਨ ਦੌਰਾਨ ਟਕਰਾ ਕੇ ਪਲਟ ਗਈ। ਮ੍ਰਿਤਕਾਂ ਦੀ ਪਛਾਣ ਮੀਰਾ (35) ਅਤੇ ਨੀਲੂ (35) ਵਜੋਂ ਹੋਈ ਹੈ।
ਜ਼ਖਮੀਆਂ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ 14 ਔਰਤਾਂ ਸਮੇਤ ਕੁੱਝ ਜ਼ਖ਼ਮੀ ਗੰਭੀਰ ਹਾਲਤ ਵਿੱਚ ਪਾਏ ਗਏ। ਉਨ੍ਹਾਂ ਵਿਚੋਂ ਕੁਝ ਨੂੰ ਸੈਫਾਈ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ।
ਪੁਲਿਸ ਤੇ ਬਚਾਅ ਟੀਮਾਂ ਨੇ ਜਲਦ ਕਾਰਵਾਈ ਕਰਦਿਆਂ ਨੁਕਸਾਨੀ ਗਈ ਬੱਸ ਨੂੰ ਸੜਕ ਤੋਂ ਹਟਾ ਦਿੱਤਾ ਹੈ ਅਤੇ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ।ਹਾਦਸੇ ਦੀ ਜਾਂਚ ਜਾਰੀ ਹੈ, ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
