ਅੰਮ੍ਰਿਤਸਰ, 10 ਫਰਵਰੀ,ਬੋਲੇ ਪੰਜਾਬ ਬਿਊਰੋ :
ਅੰਮ੍ਰਿਤਸਰ ਵਿੱਚ ਬੀਤੀ ਰਾਤ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ। ਹਥਿਆਰਾਂ ਦੀ ਰਿਕਵਰੀ ਲਈ ਗੈਂਗਸਟਰਾਂ ਲਵਪ੍ਰੀਤ ਸਿੰਘ ਅਤੇ ਬੂਟਾ ਸਿੰਘ ਨੂੰ ਲੈ ਜਾ ਰਹੀ ਪੁਲਿਸ ’ਤੇ ਗੈਂਗਸਟਰਾਂ ਨੇ ਅਚਾਨਕ ਫਾਇਰਿੰਗ ਕਰ ਦਿੱਤੀ। ਜਵਾਬੀ ਕਾਰਵਾਈ ਵਿੱਚ ਦੋਵੇਂ ਗੈਂਗਸਟਰ ਜ਼ਖ਼ਮੀ ਹੋ ਗਏ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਇਕ AK-47 ਰਾਈਫਲ ਅਤੇ ਦੋ ਪਿਸਟਲ ਵੀ ਬਰਾਮਦ ਕੀਤੇ ਗਏ ਹਨ।
ਇਸ ਨੂੰ ਅੰਮ੍ਰਿਤਸਰ ਵਿੱਚ ਅਪਰਾਧਕ ਗਤੀਵਿਧੀਆਂ ’ਤੇ ਨਕੇਲ ਕੱਸਣ ਲਈ ਕੀਤੀ ਗਈ ਵੱਡੀ ਪੁਲਿਸ ਕਾਰਵਾਈ ਵਜੋਂ ਦੇਖਿਆ ਜਾ ਰਿਹਾ ਹੈ। ਫਾਇਰਿੰਗ ਦੌਰਾਨ ਕਿਸੇ ਪੁਲਿਸ ਕਰਮਚਾਰੀ ਨੂੰ ਗੰਭੀਰ ਸੱਟਾਂ ਨਹੀਂ ਆਈਆਂ। ਪੁਲਿਸ ਨੇ ਸੂਬੇ ਭਰ ਵਿੱਚ ਹੋਰ ਗੈਂਗਸਟਰਾਂ ਦੀ ਤਲਾਸ਼ ਜਾਰੀ ਰੱਖੀ ਹੋਈ ਹੈ।
