ਜੈਪੁਰ, 10 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਰਾਜਸਥਾਨ ਦੇ ਪਾਲੀ ਜ਼ਿਲ੍ਹੇ ਦੇ ਨਵਾਂ ਗਾਓਂ ਨੇੜੇ ਐਤਵਾਰ ਦੀ ਦੇਰ ਰਾਤ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਨਿਊ ਬਾਲਾਜੀ ਮੰਦਰ ਨੇੜੇ ਇੱਕ ਤੇਜ਼ ਰਫਤਾਰ ਟਰਾਲੇ ਨੇ ਬਾਈਕ ਸਵਾਰ ਪਰਿਵਾਰ ਨੂੰ ਟੱਕਰ ਮਾਰੀ, ਜਿਸ ਵਿੱਚ ਮਾਂ ਤੇ ਦੋ ਬੱਚਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪਰਿਵਾਰ ਦਾ ਮੁਖੀ ਹੇਮਾਰਾਮ ਗੰਭੀਰ ਜ਼ਖ਼ਮੀ ਹੋਇਆ ਹੈ, ਜੋ ਹਸਪਤਾਲ ’ਚ ਜ਼ਿੰਦਗੀ ਦੀ ਜੰਗ ਲੜ ਰਿਹਾ ਹੈ।
ਪੁਲਿਸ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਹੇਮਾਰਾਮ (30), ਉਸ ਦੀ ਪਤਨੀ ਸੰਤੋਸ਼ (25), ਪੁੱਤਰ ਕਮਲੇਸ਼ (8) ਅਤੇ ਪੁੱਤਰੀ ਲਲਿਤਾ (5) ਜਾਗਰਣ ਵਿਚੋਂ ਵਾਪਸ ਘਰ ਜਾ ਰਹੇ ਸਨ। ਰਾਹ ਵਿਚ ਬਾਲਾਜੀ ਮੰਦਰ ਦੇ ਓਵਰਬ੍ਰਿਜ ’ਤੇ ਚੜ੍ਹਦਿਆਂ ਸਮੇਂ ਤੇਜ਼ ਰਫਤਾਰ ਟਰਾਲੇ ਨੇ ਬਾਈਕ ਨੂੰ ਟੱਕਰ ਮਾਰੀ।
ਹਾਦਸੇ ਤੋਂ ਬਾਅਦ ਸਥਾਨਕ ਲੋਕ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਪਾਲੀ ਪੁਲਿਸ ਵੱਲੋਂ ਤਿੰਨ ਲਾਸ਼ਾਂ ਨੂੰ ਬਾਂਗਰ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਪੋਸਟਮਾਰਟਮ ਮਗਰੋਂ ਲਾਸ਼ਾਂ ਵਾਰਸਾਂ ਦੇ ਹਵਾਲੇ ਕੀਤੀਆਂ ਜਾਣਗੀਆਂ। ਇਸ ਦੌਰਾਨ ਹੇਮਾਰਾਮ ਦਾ ਇਲਾਜ ਚੱਲ ਰਿਹਾ ਹੈ।
ਪੁਲਿਸ ਨੇ ਅਣਪਛਾਤੇ ਟਰਾਲਾ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
