ਪੰਜਾਬ ਸਰਕਾਰ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਖਾਲੀ ਪਈਆਂ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਤੁਰੰਤ ਭਰੇ÷ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਪੰਜਾਬ

ਪੰਜਾਬ

ਬੁਢਲਾਡਾ 8 ਫਰਵਰੀ ,ਬੋਲੇ ਪੰਜਾਬ ਬਿਊਰੋੋ :


ਅਮਰੀਕਾ ਦੀ ਟਰੰਪ ਸਰਕਾਰ ਦੀਆਂ ਫਾਸ਼ੀਵਾਦੀ ਨੀਤੀਆਂ ਦੇ ਚੱਲਦਿਆਂ ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਨੌਜਵਾਨਾਂ ਨੂੰ ਕੈਦੀਆਂ ਵਾਂਗ ਬੇਰੰਗ ਭਾਰਤ ਭੇਜਣ ਖਿਲਾਫ ਵਿਸ਼ਵ ਗੁਰੂ ਦੀ ਚੁੱਪੀ ਜਿੱਥੇ ਸੁਆਲ ਖੜ੍ਹੇ ਕਰ ਰਹੀ ਹੈ ਉੱਥੇ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਦੇ ਰੁਜ਼ਗਾਰ ਲਈ ਢੁੱਕਵੇਂ ਕਦਮ ਨਾ ਚੁੱਕਣ ਤੇ ਠੱਗ ਏਜੰਟਾਂ ਨੂੰ ਮਨਮਰਜ਼ੀ ਕਰਨ ਦੀ ਖੁੱਲ੍ਹੀ ਛੁੱਟੀ ਦੇਣ ਤੇ ਵੀ ਸੁਆਲ ਖੜ੍ਹੇ ਹੁੰਦੇ ਹਨ ਇਸ ਲਈ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਨੌਜਵਾਨਾਂ ਨੂੰ ਰੁਜ਼ਗਾਰ ਦਿਉ ਅਤੇ ਠੱਗ ਏਜੰਟਾਂ ਤੇ ਪਰਚੇ ਦਰਜ ਕਰੋ

ਉਕਤ ਵਿਚਾਰਾਂ ਦਾ ਪ੍ਰਗਟਾਵਾ ਅੱਜ ਆਇਸਾ ਵੱਲੋਂ ਗੁਰੂ ਨਾਨਕ ਕਾਲਜ ਬੁਢਲਾਡਾ ਦੀ ਇਕਾਈ ਦੀ ਮੀਟਿੰਗ ਕਰਨ ਉਪਰੰਤ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸੂਬਾ ਆਗੂ ਸੁਖਜੀਤ ਰਾਮਾਨੰਦੀ,ਇਕਾਈ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਹੀਰਕੇ,ਸਕੱਤਰ ਅਮਨਦੀਪ ਸਿੰਘ ਰਾਮਪੁਰ ਮੰਡੇਰ ਨੇ ਕੀਤਾ। ਆਗੂਆਂ ਨੇ ਕਿਹਾ ਕਿ ਜਥੇਬੰਦੀ ਵੱਲੋਂ ਜ਼ਿਲ੍ਹੇ ਅੰਦਰ ਲਾਈਬ੍ਰੇਰੀ ਦੀ ਇਮਾਰਤ ਦੀ ਉਸਾਰੀ ਲਈ ਚੱਲ ਰਹੇ ਸੰਘਰਸ਼ ਨੂੰ ਦੋ ਮਹੀਨਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਪ੍ਰਸ਼ਾਸਨ ਅਤੇ ਸਰਕਾਰ ਕੁੰਭ ਕਰਨੀ ਨੀਂ ਸੁੱਤੀ ਪਈ ਹੈ। ਸਿੱਖਿਆ ਦੀ ਕ੍ਰਾਂਤੀ ਦਾ ਨਾਅਰਾ ਦੇ ਕੇ ਸੱਤਾ ਵਿੱਚ ਆਈ ਪੰਜਾਬ ਸਰਕਾਰ ਦੇ ਵਾਅਦੇ ਦੀ ਹਵਾ ਉਸ ਸਮੇਂ ਨਿਕਲ ਗਈ ਹੈ,ਜਦੋਂ ਪ੍ਰਸ਼ਾਸਨ ਵੱਲੋਂ ਸਰਕਾਰ ਦੀ ਮਿਲੀ ਭੁਗਤ ਦੇ ਨਾਲ ਲਾਇਬਰੇਰੀਆਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ ਅਤੇ ਜ਼ਿਲ੍ਹੇ ਦੇ 73 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਚ ਅਧਿਆਪਕਾਂ ਦੇ ਨਾਲ ਨਾਲ 60 ਸੈਕੰਡਰੀ ਸਕੂਲ ਪ੍ਰਿੰਸੀਪਲਾਂ ਤੋਂ ਬਿਨਾਂ ਲਾਵਾਰਿਸ ਪਏ ਹਨ,ਸਿਰਫ 13 ਸਕੂਲਾਂ ਵਿੱਚ ਹੀ ਪ੍ਰਿੰਸੀਪਲ ਆ ਮੌਜੂਦ ਹਨ। ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਦੀਆਂ ਅਸਾਮੀਆਂ ਬਾਰੇ ਡੀਟੀਐਫ ਵੱਲੋਂ ਜਾਰੀ ਹੋਈ ਰਿਪੋਰਟ ਸਿੱਖਿਆ ਵਿਭਾਗ ਦੀ ਕਾਰਗੁਜ਼ਾਰੀ ਉੱਪਰ ਸਵਾਲੀਆ ਚਿੰਨ ਖੜੇ ਕਰਦੀ ਹੈ??। ਪੰਜਾਬ ਦੀ ਸਿੱਖਿਆ ਦਾ ਡਿੱਗ ਰਿਹਾ ਮਿਆਰ ਸੂਬੇ ਦੇ ਵਿਦਿਆਰਥੀ ਨੌਜਵਾਨਾਂ ਦੇ ਭਵਿੱਖ ਲਈ ਚਿੰਤਾ ਦਾ ਵਿਸ਼ਾ ਹੈ। ਸੂਬੇ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਨੂੰ ਖੁਦ ਮੁਖਤਿਆਰ ਕਰਨ,ਗ੍ਰਾਂਟਾਂ ਤੇ ਫੰਡਾਂ ਵਿੱਚ ਕਟੌਤੀ ਅਤੇ ਭਰਤੀਆਂ ਲਈ ਲਿਆਂਦੇ ਗਏ ਨਵੇਂ ਮਾਪਦੰਡਾਂ(ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਪ੍ਰਾਈਵੇਟ ਭਰਤੀ ਲਈ 10% ਵਾਲੀ ਸ਼ਰਤ ਨੂੰ ਹਟਾ ਕੇ) ਨਾਲ ਕੇਂਦਰ ਤੇ ਸੂਬਾ ਸਰਕਾਰ ਨੇ ਸਿੱਖਿਆ ਦੇ ਨਿੱਜੀਕਰਨ ਲਈ ਰਸਤਾ ਪੱਧਰ ਕਰ ਲਿਆ ਹੈ, ਜਿਸ ਨਾਲ ਵੱਡੀ ਪੱਧਰ ਤੇ ਵਿਦਿਆਰਥੀ ਸਿੱਖਿਆ ਦੇ ਖੇਤਰ ਵਿੱਚੋਂ ਬਾਹਰ ਹੋ ਜਾਣਗੇ ਅਤੇ ਨੌਜਵਾਨ ਬੇਰੁਜ਼ਗਾਰ ਹੋ ਜਾਣਗੇ। ਨਵੀਂ ਸਿੱਖਿਆ ਨੀਤੀ, ਕਾਲਜਾਂ ਯੂਨੀਵਰਸਿਟੀਆਂ ਦੀ ਖੁਦ ਮੁਖਤਿਆਰੀ,ਚਾਰ ਸਾਲਾ ਗ੍ਰੈਜੂਏਸ਼ਨ ਕੋਰਸ,ਫੀਸਾਂ ਵਿੱਚ ਵਾਧੇ,ਨਾੱਨ ਨੈੱਟ ਫੈਲੋਸ਼ਿਪ ਵਿੱਚ ਕਟੌਤੀ ਦੇ ਖਿਲਾਫ ਲਾਮਬੰਦੀ ਕਰਦਿਆਂ ਵਿਦਿਆਰਥੀ ਚੋਣਾਂ ਨੂੰ ਬਹਾਲ ਕਰਵਾਏ ਜਾਣ ਲਈ ਜਥੇਬੰਦੀ ਵੱਲੋਂ ਵਿੱਦਿਅਕ ਅਦਾਰਿਆਂ ਵਿੱਚ ਕਨਵੈਂਸ਼ਨਾਂ ਕੀਤੀਆਂ ਜਾਣਗੀਆਂ ਅਤੇ ਨਵੀਂ ਲੀਡਰਸ਼ਿਪ ਨੂੰ ਭਰਤੀ ਕੀਤਾ ਜਾਵੇਗਾ। ਆਗੂਆਂ ਨੇ ਭਾਜਪਾ ਦੇ ਫਿਰਕੂ ਏਜੰਡੇ ਖਿਲਾਫ ਆਵਾਜ਼ ਬੁਲੰਦ ਕਰਦਿਆਂ ਦਾਨ ਸਿੰਘ ਵਾਲਾ ਅਤੇ ਚੰਦਭਾਨ ਵਿੱਚ ਮਜ਼ਦੂਰਾਂ ਉੱਪਰ ਹੋਏ ਤਸ਼ੱਦਦ ਦੇ ਅਸਲ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਵੀ ਕੀਤੀ।
ਇਸ ਮੌਕੇ ਕਾਲਜ ਕਮੇਟੀ ਦੇ ਖਜਾਨਚੀ ਸੀਮਾ ਕੌਰ ਗੁੜਦੀ ਅਤੇ ਪ੍ਰਿਤਪਾਲ ਕੌਰ ਸ਼ੇਰਖਾਂ ਵਾਲਾ ਤੋਂ ਇਲਾਵਾ ਹੋਰ ਵੀ ਵਿਦਿਆਰਥੀ ਮੌਜੂਦ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।