ਸੁਨਾਮ, 8 ਫਰਵਰੀ,ਬੋਲੇ ਪੰਜਾਬ ਬਿਊਰੋ :
ਆਰਥਿਕ ਤੰਗੀ ਕਾਰਨ ਮਾਡਲ ਟਾਊਨ-2 ਦੇ ਰਹਿਣ ਵਾਲੇ ਪਤੀ-ਪਤਨੀ ਵਲੋਂ ਜ਼ਹਿਰੀਲੀ ਵਸਤੂ ਨਿਗਲ ਕੇ ਖੁਦਕੁਸ਼ੀ ਕਰਨ ਦੀ ਦਰਦਨਾਕ ਘਟਨਾ ਸਾਹਮਣੇ ਆਈ ਹੈ। ਮ੍ਰਿਤਕ ਬਲਵੀਰ ਸਿੰਘ (56) ਖੇਤੀਬਾੜੀ ਨਾਲ ਜੁੜੇ ਹੋਏ ਸਨ ਤੇ ਉਹ ਆਪਣੀ ਚਾਰ ਏਕੜ ਜਮੀਨ ਨਾਲ ਗੁਜ਼ਾਰਾ ਕਰਦੇ ਸਨ। ਪਰ ਲੰਬੇ ਸਮੇਂ ਤੋਂ ਆਰਥਿਕ ਮੰਦਹਾਲੀ ਕਾਰਨ ਉਹ ਗਹਿਰੇ ਸਟ੍ਰੈਸ ਵਿੱਚ ਸਨ।
ਬੀਤੇ ਦਿਨੀ ਘਰ ਵਿੱਚ ਬਲਵੀਰ ਸਿੰਘ ਅਤੇ ਉਹਨਾਂ ਦੀ ਪਤਨੀ ਸੁਖਪਾਲ ਕੌਰ ਸੁੱਖ (52) ਨੇ ਸਲਫਾਸ ਨਿਗਲ ਕੇ ਆਪਣੇ ਜੀਵਨ ਦਾ ਅੰਤ ਕਰ ਲਿਆ। ਘਟਨਾ ਵੇਲੇ ਮ੍ਰਿਤਕ ਦਾ ਭਰਾ ਅਤੇ ਪੁੱਤਰ ਰਿਸ਼ਤੇਦਾਰ ਦੀ ਮਰਗਤ ’ਤੇ ਗਏ ਹੋਏ ਸਨ। ਵਾਪਸ ਆਉਣ ’ਤੇ ਉਨ੍ਹਾਂ ਇਹ ਦਰਦਨਾਕ ਘਟਨਾ ਦੇਖੀ।
ਪੰਜਾਬ ਪਨਸੀਡ ਦੇ ਚੇਅਰਮੈਨ ਮਹਿੰਦਰ ਸਿੰਘ ਸਿੱਧੂ ਨੇ ਘਟਨਾ ਤੇ ਗਹਿਰਾ ਦੁੱਖ ਜਤਾਉਂਦੇ ਹੋਏ ਕਿਹਾ ਕਿ ਇਹ ਘਟਨਾ ਪੰਜਾਬ ਵਿੱਚ ਛੋਟੇ ਕਿਸਾਨਾਂ ਦੀ ਆਰਥਿਕ ਮੁਸ਼ਕਲਾਂ ਦੀ ਸੱਚਾਈ ਬਿਆਨ ਕਰਦੀ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਮ੍ਰਿਤਕ ਪਰਿਵਾਰ ਨੂੰ ਤੁਰੰਤ ਆਰਥਿਕ ਸਹਾਇਤਾ ਦਿੱਤੀ ਜਾਵੇ।
ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਆਗੂ ਕੁਲਵਿੰਦਰ ਸਿੰਘ ਸੋਨੀ ਲੌਂਗੋਵਾਲ ਅਤੇ ਹੈਪੀ ਨਮੋਲ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਪੰਜਾਬ ਦੇ ਕਿਸਾਨ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਕਿਸਾਨੀ ਸੰਕਟ ਨੂੰ ਹੱਲ ਕਰਨ ਲਈ ਤੁਰੰਤ ਕਦਮ ਚੁੱਕੇ ਜਾਣ।
![](https://www.bolepunjab.com/wp-content/uploads/2025/02/signal-2025-02-08-062604_002.jpeg)