5 ਸਾਲਾ ਪੁੱਤਰ ਦੀ ਭਾਲ ਵਿਚ ਦਰ-ਦਰ ਖਾ ਰਹੀ ਹੈ ਠੋਕਰਾਂ
ਮੋਹਾਲੀ, 8 ਫਰਵਰੀ, ਬੋਲੇ ਪੰਜਾਬ ਬਿਊਰੋ :
ਇੱਕ ਕੈਨੇਡੀਅਨ ਮਾਂ ਕੈਮਿਲਾ ਵਿਲਾਸ ਆਪਣੇ 5 ਸਾਲ਼ਾ ਬੇਟੇ ਦੀ ਭਾਲ ਵਿਚ ਪੰਜਾਬ ਪਹੁੰਚੀ ਹੈ। ਉਸਦਾ ਪਤੀ ਭਾਰਤੀ ਮੂਲ ਦਾ ਕੈਨੇਡੀਅਨ ਨਾਗਰਿਕ ਹੈ। ਪਤੀ ਅਤੇ ਪਤਨੀ ਵਿਚਕਾਰ ਤਲਾਕ ਦਾ ਕੇਸ ਕੈਨੇਡੀਅਨ ਅਦਾਲਤ ਵਿਚ ਚੱਲ ਰਿਹਾ ਹੈ।ਅੱਜ ਮੋਹਾਲੀ ਪ੍ਰੈਸ ਕਲੱਬ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕੈਮਿਲਾ ਵਿਲਾਸ ਨੇ ਦਸਿਆ ਕਿ ਟੋਰਾਂਟੋ ਦੀ ਨਿਊ ਮਾਰਕੀਟ ਕੋਰਟ ਹਾਊਸ ਨੇ ਆਦੇਸ਼ ਦਿੱਤਾ ਸੀ ਕਿ ਬੀਤੀ 8 ਅਗਸਤ, 2024 ਨੂੰ ਉਸ ਦੇ ਪਤੀ ਕਪਿਲ ਸੂਨਕ ਨੇ ਬੱਚੇ ਵੇਲੈਂਟੀਨੋ ਦੇ ਨਾਲ ਅਦਾਲਤ ਵਿਚ ਪੇਸ਼ ਹੋਣਾ ਸੀ, ਪਰ ਉਸਨੇ ਆਪਣਾ ਘਰ ਅਤੇ ਕੰਪਨੀ ਸਿਰਫ ਇੱਕ ਡਾਲਰ ਵਿਚ ਵੇਚ ਕੇ ਬੱਚੇ ਨੂੰ ਅਗਵਾ ਕਰਕੇ ਭਾਰਤ ਆ ਗਿਆ।ਕੈਮਿਲਾ ਨੇ ਅੱਗੇ ਦੱਸਿਆ ਕਿ ਕਪਿਲ ਸੂਨਕ, ਪੰਜਾਬ ਦੇ ਕਸਬੇ ਖਰੜ ਵਿਚ ਇੱਕ ਘਰ ਖਰੀਦ ਕੇ ਰਹਿਣ ਲੱਗ ਪਿਆ ਪਰ ਕੈਨੇਡੀਅਨ ਅਦਾਲਤ ਦੇ ਜੱਜ ਡੌਰਿਓ ਨੇ ਉਸਦੇ ਗ੍ਰਿਫਤਾਰੀ ਵਾਰੰਟ 1 ਅਕਤੂਬਰ, 2024 ਨੂੰ ਜਾਰੀ ਕੀਤੇ ਅਤੇ ਇਸੇ ਦਿਨ ਹੀ ਇੰਟਰਪੋਲ ਨੇ ਮੈਂਬਰ ਮੁਲਕਾਂ ਨੂੰ ਸੂਚਿਤ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ।
ਕੈਮਿਲਾ ਦੇ ਹਾਈ ਕੋਰਟ ਵਿਚ ਵਕੀਲ ਅਭਿਨਵ ਸੂਦ ਨੇ ਦੱਸਿਆ ਕਿ ਕਪਿਲ, ਭਾਰਤ ਵਿਚ 90-90 ਦਿਨ ਦੇ ਵਕਫੇ ਨਾਲ ਉਹ 6 ਮਹੀਨਿਆਂ ਤੋਂ ਵੱਧ ਨਹੀਂ ਰਹਿ ਸਕਦਾ ਪਰ ਕੈਨੇਡੀਅਨ ਨਾਗਰਿਕ ਬਿਨਾ ਵੀਜ਼ੇ ਤੋਂ ਕਰੀਬ 70 ਦੇਸ਼ਾਂ ਵਿਚ, ਬਗੈਰ ਵੀਜ਼ੇ ਦੇ ਦਾਖਲ ਹੋ ਸਕਦਾ ਹੈ, ਜਿਸ ਨੂੰ ਵੀਜ਼ਾ ਆਨ ਅਰਾਈਵਲ ਕਹਿੰਦੇ ਹਨ। ਐਡਵੋਕੇਟ ਸੂਦ ਨੇ ਸ਼ੱਕ ਜ਼ਾਹਿਰ ਕੀਤਾ ਕਿ ਉਹ ਭਾਰਤ ਛੱਡ ਕੇ ਕਿਸੇ ਹੋਰ ਮੁਲਕ ਵਿਚ ਜਾ ਸਕਦਾ ਹੈ।ਕੈਮਿਲਾ ਨੇ ਦੱਸਿਆ ਕਿ ਉਸਦੇ ਪਤੀ ਦੇ ਪਹਿਲਾਂ ਦੋ ਵਿਆਹ ਭਾਰਤੀ ਕੁੜੀਆਂ ਨਾਲ ਹੋਏ ਸਨ ਅਤੇ ਉਹ ਕਪਿਲ ਦੀ ਤੀਜੀ ਘਰਵਾਲੀ ਸੀ, ਜਿਸ ਨੂੰ ਕਿ ਉਸਨੇ ਮੈਟਰੀਮੋਨੀਅਲ ਵੈੱਬਸਾਈਟ ਉਤੇ ਵਿਆਹ ਦਾ ਪ੍ਰਸਤਾਵ ਦੇ ਕੇ ਅਤੇ ਵਿਆਹ ਕਰਵਾ ਕੇ ਕੈਨੇਡਾ ਲੈ ਆਇਆ। ਉਸਨੇ ਕਿਹਾ ਕਿ ਉਸਦਾ ਘਰਵਾਲਾ ਬੇਰਹਿਮ ਸੁਭਾਅ ਦਾ ਮਾਲਕ ਹੈ। ਉਹ ਉਸ ਨਾਲ ਕੁੱਟਮਾਰ ਕਰਦਾ ਸੀ ਅਤੇ ਬੱਚੇ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਕੈਮਿਲਾ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸਰਕਾਰ ਅਤੇ ਕਪਿਲ ਨੂੰ ਨੋਟਿਸ ਜਾਰੀ ਕਰਨ ਤੋਂ ਬਾਅਦ ਉਹ ਆਪਣੇ ਵਕੀਲ ਅਭਿਨਵ ਸੂਦ ਨਾਲ ਡੀਐਸਪੀ ਖਰੜ ਨੂੰ ਮਿਲੀ ਸੀ ਪਰ ਪੁਲੀਸ ਦੀ ਕਾਰਵਾਈ ਤੋਂ ਪਹਿਲਾਂ ਹੀ ਕਪਿਲ ਆਪਣੇ ਰਿਸ਼ਤੇਦਾਰਾਂ ਕੋਲ ਪਾਣੀਪਤ (ਹਰਿਆਣਾ) ਭੱਜ ਗਿਆ।ਕੈਮਿਲਾ ਨੇ ਦਸਿਆ ਕਿ ਉਹ ਪਾਣੀਪਤ ਵੀ ਗਈ ਅਤੇ ਪ੍ਰਸ਼ਾਸਨ ਨੂੰ ਮਿਲੀ। ਬਾਲ ਭਲਾਈ ਕਾਊਂਸਿਲ (Child Welfare Committee) ਅਤੇ ਪੁਲੀਸ ਨੇ ਉਸਦੇ ਪਤੀ ਨੂੰ ਲੱਭ ਕੇ ਹਦਾਇਤ ਕੀਤੀ ਕਿ 17/2/2025 ਨੂੰ ਉਹ ਕਮੇਟੀ ਦੇ ਅਧਿਕਾਰੀਆਂ ਨਾਲ ਹਾਈ ਕੋਰਟ ਪੇਸ਼ ਹੋਵੇਗਾ।ਕੈਮਿਲਾ ਨੇ ਰੋਂਦੇ ਹੋਏ ਪੰਜਾਬ ਅਤੇ ਹਰਿਆਣਾ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਸਦੇ ਪਤੀ ਨੂੰ ਭਾਰਤ ਛੱਡ ਕੇ ਕਿਸੇ ਹੋਰ ਮੁਲਕ ਜਾਣ ਤੋਂ ਰੋਕਿਆ ਜਾਵੇ ਅਤੇ ਉਸਦੇ ਬੱਚੇ ਦਾ ਬਚਾਅ ਕੀਤਾ ਜਾਵੇ। ਨਾਲ ਹੀ ਕੈਮਿਲਾ ਨੇ ਹਾਈ ਕੋਰਟ ਨੂੰ ਵੀ ਅਪੀਲ ਕੀਤੀ ਕਿ ਉਸਦੇ ਮਾਮਲੇ ‘ਤੇ ਛੇਤੀ ਕਾਰਵਾਈ ਕੀਤੀ ਜਾਵੇ ਅਤੇ ਉਸ ਨੂੰ ਇਨਸਾਫ ਦਿਵਾਇਆ ਜਾਵੇ।