ਪਤੀ ਪਤਨੀ ਇੱਕ ਦੂਜੇ ਦਾ ਰੱਖਣ ਖ਼ਿਆਲ ਤਾਂ ਮੋਹ ਦੀਆਂ ਤੰਦਾਂ ਹੋਣਗੀਆਂ ਮਜ਼ਬੂਤ 

ਚੰਡੀਗੜ੍ਹ

ਅੱਜ ਦੇ ਕਮਰਸ਼ੀਅਲ ਯੁੱਗ ਦੀ ਭੱਜ ਦੌੜ ਚ ਜਿੱਥੇ ਪਤੀ ਦਾ ਪਤਨੀ ਨਾਲ ਕੰਮਕਾਰ ਚ ਹੱਥ ਵਟਾਉਣਾ ਜਰੂਰੀ ਹੈ।ਉਥੇ ਪਤਨੀ ਨੂੰ ਵੀ ਆਪਣੇ ਪਤੀ ਦੀਆਂ ਭਾਵਨਾਵਾਂ ਦਾ ਹਰ ਪੱਖੋਂ ਖ਼ਿਆਲ ਰੱਖਣਾ ਬਣਦਾ ਹੈ ਤਾਂ ਜੋ ਗ੍ਰਹਿਸਥੀ ਜੀਵਨ ਦੀ ਗੱਡੀ ਸੁਖਾਂਵੇ ਪਲ਼ਾਂ ਚ  ਚੱਲਦੀ ਜਾਵੇ।ਸੋ ਪਤਨੀ ਨੂੰ ਆਪਣੇ ਪਤੀ ਦੀ ਪਸੰਦ ਨਾ ਪਸੰਦ ਪਤਾ ਹੋਣੀ ਚਾਹੀਦੀ ਹੈ।ਇਸ ਨਾਲ ਦੋਂਵਾਂ ਚ ਪਿਆਰ ਵਧਦਾ ਹੈ।ਘਰ ਦਾ ਮਾਹੌਲ ਸੋਹਣਾ ਬਣਿਆ ਰਹਿੰਦਾ ਹੈ।ਪਤਨੀ ਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਹੈ ਕੇ ਉਸਦੇ ਪਤੀ ਨੂੰ ਕਿਹੜੀ ਚੀਜ਼ ਚੰਗੀ ਲੱਗਦੀ ਹੈ ਤੇ ਕਿਹੜੀ ਨਹੀਂ।ਸਭ ਤੋਂ ਖ਼ਾਸ ਗੱਲ ਜਿਸ ਦਾ ਪਤਨੀ ਨੂੰ ਧਿਆਨ ਰੱਖਣਾ ਚਾਹੀਦਾ ਹੈ।ਉਹ ਇਹ ਕੇ ਜਦੋ ਪਤੀ ਬਾਹਰੋਂ ਘਰ ਆਉਂਦਾ ਹੈ ਤਾਂ ਸਭ ਤੋ ਪਹਿਲਾਂ ਪਤਨੀ ਨੂੰ ਚਾਹ ਪਾਣੀ ਵਗੈਰਾ ਪੁੱਛਣਾ ਦੇ ਨਾਲ ਹੀ ਹਾਲ ਚਾਲ ਪੁੱਛਣਾ ਚਾਹੀਦਾ ਹੈ ।ਅਤੇ ਪਤੀ ਦੇ ਮੂਡ ਨੂੰ ਭਾਂਪ ਕੇ ਹੀ ਕਿਸੇ ਗੱਲ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ।ਅਗਰ ਉਸ ਨੂੰ ਜਾਪਦਾ ਹੈ ਕੇ ਪਤੀ ਦਾ ਮੂਡ ਸਹੀ ਨਹੀਂ ਤਾ ਉਸ ਨੂੰ ਕੋਈ ਵੀ ਅਜਿਹੀ ਗੱਲ ਸਾਂਝੀ ਨਹੀਂ ਕਰਨੀ ਚਾਹੀਦੀ ਜੋ ਕੁੜੱਤਣ ਜਾਂ ਟੈਨਸ਼ਨ ਪੈਦਾ ਕਰਨ ਵਾਲੀ ਹੋਵੇ।ਨਹੀਂ ਤਾਂ ਸਾਂਝੀ ਕੀਤੀ ਜਾਣ ਵਾਲੀ ਗੱਲਬਾਤ ਦਾ ਸਿਲਸਲਾ ਸਹੀ ਦਿਸ਼ਾ ਚ ਨਹੀਂ ਜਾਵੇਗਾ ਤੇ ਨਾ ਹੀ ਸ਼ੁਰੂ ਕੀਤੀ ਗੱਲ ਦਾ ਸਹੀ ਹੱਲ ਨਿਕਲ ਸਕੇਗਾ।ਇਸ ਨਾਲ ਪਤੀ ਪਤਨੀ ਦੇ ਆਪਸੀ ਸੰਬੰਧਾਂ ਚ ਤਣਾਅ ਪੈਦਾ ਹੋਵੇਗਾ।ਜੋ ਉਨ੍ਹਾਂ ਦੇ ਜਿੰਦਗੀ ਦੇ ਹੁਸੀਨ ਪਲ਼ਾਂ ਨੂੰ  ਬੇ ਸੁਆਦ  ਕਰ ਸਕਦਾ ਹੈ।ਸੋ ਜੇ ਕਰ ਪਤਨੀ ਪਤੀ ਦੇ ਮੂਡ ਮੁਤਾਬਕ ਗੱਲ ਕਰੇਗੀ ਤਾਂ ਪਤੀ ਪਤਨੀ ਚ ਗੱਲਬਾਤ ਦਾ ਸੁਖਾਂਵਾਂ ਮਾਹੌਲ ਬਣੇਗਾ।ਜੋ ਦੋਨਾ ਚ ਗੱਲਬਾਤ ਦੇ ਸਿਲਸਲੇ ਨੂੰ ਮਜਬੂਤ ਆਧਾਰ ਬਖ਼ਸ਼ੇਗਾ।ਜਿਸ ਨਾਲ ਪਤੀ ਪਤਨੀ ਚ  ਹਰ ਗੱਲ ਨੂੰ ਲੈ ਕੇ ਜਲਦੀ ਸਹਿਮਤੀ ਬਣੇਗੀ।ਉਹ ਗੱਲ ਬੇਸ਼ੱਕ ਘਰੇਲੂ ਕੰਮ ਬਾਰੇ ਹੋਵੇ ਜਾਂ ਕੋਈ ਹੋਰ।ਇਸ ਨਾਲ ਦੋਂਵਾਂ ਵਿਚਲਾ ਰਿਸ਼ਤਾ ਪਰਪੱਕ ਹੋਵੇਗਾ।ਜਿੰਦਗੀ ਦਾ ਪੰਧ ਸੁਖਾਂਵਾਂ ਗੁਜ਼ਰੇਗਾ।ਜਿੰਦਗੀ ਮਿੱਠੀ ਮਿੱਠੀ ਜਾਪੇਗੀ।ਅਗਰ ਪਤਨੀ ਆਪਣੇ ਪਤੀ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਉਸਦਾ ਪੂਰਾ ਖ਼ਿਆਲ ਰੱਖੇਗੀ ਤਾ ਅਵੱਸ਼ ਦੋਂਵਾਂ ਚ ਰਿਸ਼ਤਾ ਗੂੜਾ ਹੋਵੇਗਾ।ਪਤੀ ਨੂੰ ਖਾਣੇ ਚ ਕੀ ਪਸੰਦ ਹੈ ਤੇ ਕੀ ਨਹੀਂ ਪਸੰਦ, ਪਤਨੀ ਨੂੰ ਇਸ ਦਾ ਖ਼ਿਆਲ ਰੱਖਦੇ ਹੋਏ ਹੀ ਖਾਣਾ ਬਣਾਉਣਾ ਚਾਹੀਦਾ ਹੈ। ਜਿਸ ਨਾਲ ਪਤੀ ਖੁਸ਼ ਹੋਵੇਗਾ।ਇਸ ਤੋਂ ਬਿਨਾਂ ਪਤਨੀ ਨੂੰ ਪਤੀ ਦੇ ਕੱਪੜੇ ਵਗ਼ੈਰਾ ਪ੍ਰੈਸ ਕਰਕੇ ਤਿਆਰ ਰੱਖਣੇ ਚਾਹੀਦੇ ਹਨ।ਤਾਂ ਜੋ ਜੇ ਕਦੇ ਅਚਾਨਕ ਕਿਤੇ ਜਾਣਾ ਪੈ ਜਾਵੇ ਤਾਂ ਕੋਈ ਮੁਸ਼ਕਲ ਨਾ ਆਵੇ। ਇਹ ਗੱਲਾਂ ਭਾਂਵੇ ਛੋਟੀਆਂ ਹਨ ।ਪਰ ਹਨ ਬਹੁਤ ਜਰੂਰੀ ।ਇਸ ਨਾਲ ਪਤੀ ਪਤਨੀ ਚ ਮੋਹ ਦੀਆਂ ਤੰਦਾਂ ਹੋਰ ਪੀਡੀਆਂ ਤੇ ਮਜ਼ਬੂਤ ਹੁੰਦੀਆਂ ਹਨ।

ਦੂਜੇ ਪਾਸੇ ਪਤੀ ਨੂੰ ਵੀ ਪਤਨੀ ਦੀਆਂ ਭਾਵਨਾਵਾਂ ਦਾ ਪੂਰਾ ਖ਼ਿਆਲ ਰੱਖਣਾ ਚਾਹੀਦਾ ਹੈ। ਘਰ ਦੇ ਕੰਮਾਂ ਚ ਪਤੀ ਨੂੰ ਪਤਨੀ ਦੀ ਸਲਾਹ ਲੈਂਦੇ ਰਹਿਣਾ ਚਾਹੀਦੀ ਹੈ।ਜਿਸ ਨਾਲ ਉਸ ਨੂੰ ਖੁਸ਼ੀ ਮਿਲੇਗੀ ।ਪਤਨੀ ਨੂੰ ਜਾਪੇਗਾ ਕੇ ਉਸਦਾ ਪਤੀ  ਉਸਦੀਆਂ ਭਾਵਨਾਵਾਂ ਦੀ ਦਿਲੋਂ ਕਦਰ ਕਰਦਾ ਹੈ।ਜਿਸ ਨਾਲ ਪਰਵਾਰਕ ਲਾਇਫ਼ ਵਧੀਆ ਗੁਜ਼ਰਦੀ ਹੈ ਤੇ ਘਰ ਦਾ ਮਹੌਲ ਵੀ ਸੁਖਾਵਾਂ ਬਣਿਆ ਰਹਿੰਦਾ ਹੈ।ਪਤੀ ਨੂੰ ਸਮੇਂ ਸਮੇਂ ਪਤਨੀ ਤੋਂ ਉਸਦੀ ਖੁਵਾਇਸ਼ ਵੀ ਪੁੱਛਦੇ ਰਹਿਣਾ ਜਰੂਰੀ  ਹੈ ਤਾਂ ਜੋ ਪਤਨੀ ਨੂੰ ਮਹਿਸੂਸ ਹੋਵੇ ਕੇ ਉਸਦਾ ਪਤੀ ਉਸਦੀ ਕੇਅਰ ਕਰਦਾ ਹੈ।ਉਸਨੂੰ ਅਹਿਮੀਅਤ ਦਿੰਦਾ ਹੈ। ਉਸ ਨੂੰ ਪਿਆਰ ਕਰਦਾ ਹੈ। 

ਪਤੀ ਨੂੰ ਲੋੜ ਮੁਤਾਬਕ ਪਤਨੀ ਨੂੰ ਸ਼ਾਪਿੰਗ ਵਗ਼ੈਰਾ ਵੀ ਕਰਵਾਉਦੇ ਰਹਿਣਾ ਚਾਹੀਦਾ ਹੈ।

ਪਤੀ ਨੂੰ ਪਤਨੀ ਦੀ ਇੱਛਾ ਮੁਤਾਬਕ  ਥੋੜੇ ਬਹੁਤੇ ਸਮੇਂ ਮਗਰੋਂ ਕਿਤੇ ਨਾ ਕਿਤੇ ਘੁਮਾਉਣ ਜਰੂਰ ਲਿਜਾਣਾ ਚਾਹੀਦਾ ਹੈ।ਜਿਸ ਨਾਲ ਜੀਵਨ ਚ ਬਦਲਾਅ ਆਉਂਦਾ ਹੈ ।ਜੋ ਪਤੀ ਪਤਨੀ ਦੋਂਵਾਂ ਨੂੰ ਚੰਗਾ ਲੱਗੇਗਾ।ਜੀਵਨ ਦੇ ਇਸ ਰਹੱਸ ਨੂੰ ਜਰੂਰ ਸਮਝਣਾ ਚਾਹੀਦਾ ਹੈ।ਕਿਉਂਕਿ ਅਗਰ ਘਰ ਰਹਿੰਦਿਆਂ ਪਤੀ ਪਤਨੀ ਚ ਕਿਸੇ ਵਿਸ਼ੇ ਨੂੰ ਲੈ ਕੇ ਕਦੇ ਕੋਈ ਮਾੜਾ ਮੋਟਾ ਮਨ ਮੁਟਾਵ ਹੋਇਆ ਹੋਵੇਗਾ ਤਾ ਬਾਹਰ ਘੁੰਮਣ  ਫਿਰਨ ਨਾਲ ਉਹ ਖ਼ਤਮ ਹੋ ਜਾਵੇਗਾ।ਕਦੇ ਵੀ ਕਿਸੇ ਗੱਲ ਨੂੰ ਲੈ ਕੇ ਬਹਿਸ ਤੋਂ ਬਚਨਾ ਚਾਹੀਦਾ ਹੈ। ਅਗਰ ਬਹਿਸ ਹੋ ਵੀ ਜਾਂਦੀ ਹੈ ਤਾਂ ਸੌਰੀ ਕਹਿ ਕੇ ਗੱਲ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰੋ।ਇਸ ਨਾਲ ਕੁੜੱਤਣ ਪੈਦਾ  ਹੁੰਦੀ ਹੈ ।ਜੋ ਪਤੀ ਪਤਨੀ ਚ ਦੂਰੀ ਪੈਦਾ ਕਰ ਸਕਦੀ ਹੈ।ਪਤੀ ਨੂੰ ਪਤਨੀ ਦੀਆਂ ਛੋਟੀਆਂ ਛੋਟੀਆਂ ਡਿਮਾਂਡ ਪੂਰੀਆਂ ਕਰਦੇ ਰਹਿਣਾ ਚਾਹੀਦਾ ਹੈ।ਜਿਸ ਨਾਲ ਉਹ ਖੁਸ਼ ਰਹੇ।ਕਿਉਂਕਿ ਨਿੱਕੀਆਂ ਨਿੱਕੀਆਂ ਖੁਸ਼ੀਆਂ  ਮਨੁੱਖੀ ਜੀਵਨ ਚ ਰੰਗ ਭਰਦੀਆਂ ਹਨ।ਸੋ ਪਤੀ ਪਤਨੀ ਨੂੰ ਹਮੇਸ਼ਾਂ ਇੱਕ ਦੂਜੇ ਨੂੰ ਖੁਸ਼ ਰੱਖਣਾ ਚਾਹੀਦਾ ਹੈ।ਇਸ ਤਰਾਂ ਪਤੀ ਪਤਨੀ ਦੇ ਆਪਸੀ ਸੁਖਾਵੇਂ ਸੰਬੰਧਾਂ ਨਾਲ ਪਰਵਾਰਕ ਜੀਵਨ ਫੁੱਲਾਂ ਵਾਂਗ ਖਿੜਿਆ ਰਹਿੰਦਾ ਹੈ।

        ਲੈਕਚਰਾਰ ਅਜੀਤ ਖੰਨਾ 

(ਐਮਏ.ਐਮਫਿਲ.ਐਮਜੇਐਮਸੀ.ਬੀਐਡ )

    ਮੋਬਾਈਲ:76967-54669 

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।