‘ਨਿਕਸ਼ੇ ਮਿੱਤਰਾ’ ਪ੍ਰੋਗਰਾਮ ਤਹਿਤ ਟੀ.ਬੀ. ਦੇ ਮਰੀਜ਼ਾਂ ਦੀ ਮਦਦ ਕਰਨ ਦੀ ਅਪੀਲ
ਸਾਹਿਬਜ਼ਾਦਾ ਅਜੀਤ ਸਿੰਘ ਨਗਰ/ਬੂਥਗੜ੍ਹ, 7 ਫ਼ਰਵਰੀ ,ਬੋਲੇ ਪੰਜਾਬ ਬਿਊਰੋ:
ਮੁੱਢਲਾ ਸਿਹਤ ਕੇਂਦਰ ਬੂਥਗੜ੍ਹ ਵਲੋਂ ਤਪਦਿਕ ਦੇ ਮਰੀਜ਼ਾਂ ਦੀ ਮਦਦ ਕਰਦਿਆਂ 15 ਮਰੀਜ਼ਾਂ ਨੂੰ ਖਾਣ-ਪੀਣ ਦੇ ਸਮਾਨ ਦੇ 15 ਪੈਕੇਟ ਦਿਤੇ ਗਏ। ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਜੋਤ ਕੌਰ ਨੇ ਦਸਿਆ ਕਿ ਸਿਵਲ ਸਰਜਨ ਡਾ. ਸੰਗੀਤਾ ਜੈਨ ਦੀ ਅਗਵਾਈ ਹੇਠ ਟੀ.ਬੀ. ਦੇ ਮਰੀਜ਼ਾਂ ਦੀ ਮਦਦ ਕਰਨ ਦਾ ਇਹ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਬੂਥਗੜ੍ਹ ਏਰੀਏ ਦੇ 15 ਮਰੀਜ਼ਾਂ ਨੂੰ ਪੈਕਟ ਦਿਤੇ ਗਏ ਹਨ, ਜਿਨ੍ਹਾਂ ਵਿਚ ਘੱਟੋ-ਘੱਟ 6 ਮਹੀਨਿਆਂ ਵਾਸਤੇ ਰੋਜ਼ਾਨਾ ਵਰਤੋਂ ਦਾ ਸਮਾਨ ਹੈ। ਉਨ੍ਹਾਂ ਦਸਿਆ ਕਿ ਪੈਕੇਟ ਦੀ ਖ਼ਰੀਦ ਵਾਸਤੇ ਉਨ੍ਹਾਂ ਆਪਣੇ ਕਰੀਬੀਆਂ ਕੋਲੋਂ ਵਿੱਤੀ ਦਾਨ ਲਿਆ।
ਐਸ.ਐਮ.ਓ. ਨੇ ਦਸਿਆ ਕਿ ਭਾਰਤ ਸਰਕਾਰ ਵਲੋਂ ਸ਼ੁਰੂ ਕੀਤੇ ਗਏ ‘ਨਿਕਸ਼ੇ ਮਿੱਤਰਾ’ ਪ੍ਰੋਗਰਾਮ ਤਹਿਤ ਕੋਈ ਵੀ ਪ੍ਰਾਈਵੇਟ ਵਿਅਕਤੀ, ਚੁਣਿਆ ਹੋਇਆ ਪ੍ਰਤੀਨਿਧੀ, ਸਰਕਾਰੀ ਜਾਂ ਗ਼ੈਰ-ਸਰਕਾਰੀ ਸੰਸਥਾ ਦੇ ਮੁਲਾਜ਼ਮ, ਕੋਈ ਵੀ ਸੰਸਥਾ, ਕਾਰਪੋਰੇਸ਼ਨ ਜਾਂ ਕੰਪਨੀ ਕਿਸੇ ਵੀ ਟੀ.ਬੀ. ਮਰੀਜ਼ ਨੂੰ ਗੋਦ ਲੈ ਸਕਦੇ ਹਨ, ਜਿਸ ਤਹਿਤ ਉਹ ਮਰੀਜ਼ਾਂ ਨੂੰ 6 ਮਹੀਨੇ ਤਕ ਅਪਣੇ ਖ਼ਰਚੇ ’ਤੇ ਖਾਣ-ਪੀਣ ਦਾ ਸਮਾਨ ਜਿਵੇਂ ਦਾਲਾਂ, ਅਨਾਜ, ਤੇਲ, ਦੁੱਧ ਆਦਿ ਮੁਹਈਆ ਕਰਵਾਉਣਗੇ। ਉਨ੍ਹਾਂ ਦਸਿਆ ਕਿ ਮਰੀਜ਼ ਨੂੰ ਪੌਸ਼ਟਿਕ ਖ਼ੁਰਾਕ ਦੇਣ ਤੋਂ ਇਲਾਵਾ ਉਸ ਦੀ ਜਾਂ ਉਸ ਦੇ ਪਰਵਾਰਕ ਜੀਆਂ ਦੀ ਕਿੱਤਾਮੁਖੀ ਸਿਖਲਾਈ, ਨੌਕਰੀ ਦਿਵਾਉਣ ਤੇ ਇਲਾਜ ਪ੍ਰਬੰਧਨ ਵਿਚ ਵੀ ਮਦਦ ਕੀਤੀ ਜਾ ਸਕਦੀ ਹੈ। ਉਨ੍ਹਾਂ ਦਸਿਆ ਕਿ ਜੋ ਕੋਈ ਵੀ ਟੀ.ਬੀ. ਦੇ ਮਰੀਜ਼ਾਂ ਨੂੰ ਅਪਣਾਏਗਾ, ਉਸ ਲਈ ਮਰੀਜ਼ਾਂ ਨੂੰ ਘੱਟੋ ਘੱਟ ਇਕ ਸਾਲ ਲਈ ਅਪਣਾਉਣਾ ਪਵੇਗਾ ਤੇ 6 ਮਹੀਨੇ ਲਈ ਉਸ ਨੂੰ ਸੁਝਾਈਆਂ ਗਈਆਂ ਖ਼ੁਰਾਕੀ ਵਸਤਾਂ ਮੁਹਈਆ ਕਰਵਾਉਣੀਆਂ ਪੈਣਗੀਆਂ। ਅਜਿਹੇ ਦਾਨੀ ਵਿਅਕਤੀਆਂ ਜਾਂ ਸੰਸਥਾਵਾਂ ਨੂੰ ‘ਨਿਕਸ਼ੇ ਮਿੱਤਰ’ ਦਾ ਨਾਮ ਦਿਤਾ ਜਾਵੇਗਾ। ਇਕ ਵਿਅਕਤੀ ਜਾਂ ਅਦਾਰਾ ਇਕ ਜਾਂ ਇਕ ਤੋਂ ਵੱਧ ਜਿੰਨੇ ਮਰਜ਼ੀ ਟੀ.ਬੀ. ਰੋਗੀਆਂ ਨੂੰ ਅਪਣਾ ਸਕਦਾ ਹੈ।
ਕੋਈ ਵੀ ਚਾਹਵਾਨ ਵਿਅਕਤੀ ਜਾਂ ਅਦਾਰਾ www.nikshay.in ’ਤੇ ਲਾਗ ਇਨ ਕਰ ਕੇ ਨਿਕਸ਼ੇ ਮਿੱਤਰਾ ਰਜਿਸਟਰੇਸ਼ਨ ਫ਼ਾਰਮ ’ਤੇ ਪੰਜੀਕਰਣ ਕਰ ਸਕਦਾ ਹੈ। ਇਸ ਸਬੰਧੀ ਕਿਸੇ ਵੀ ਜਾਣਕਾਰੀ ਲਈ ਜਾਂ ਪੰਜੀਕਰਣ ਫ਼ਾਰਮ ਭਰਨ ਲਈ ਹਸਪਤਾਲ ਦੇ ਟੀ.ਬੀ. ਅਧਿਕਾਰੀ ਨਾਲ ਮੋਬਾਈਲ ਫ਼ੋਨ ਨੰਬਰ 73407 45505 ’ਤੇ ਸੰਪਰਕ ਕੀਤਾ ਜਾ ਸਕਦਾ ਹੈ।