ਚੰਡੀਗੜ੍ਹ, 7 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਕੇਂਦਰ ਸਰਕਾਰ ਦੀ ਯੋਜਨਾ ਨੂੰ ਵੱਡਾ ਝਟਕਾ ਲੱਗਿਆ ਹੈ। ਦਰਅਸਲ ਯੋਜਨਾ ਭਾਰਤ ਬਰਾਂਡ ਦੇ ਆਟੇ ਅਤੇ ਚੌਲਾਂ ਦੀ ਖ਼ਰੀਦ ਵਿੱਚ ਵੱਡੀ ਗੜਬੜੀ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ, ਹਰਿਆਣਾ ਦੀ ਇਕ ਕੰਪਨੀ ਨੇ ਕਥਿਤ ਤੌਰ ਦੇ ਜਾਅਲੀ ਈਮੇਲ ਆਈਡੀ ਰਾਹੀਂ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਯਾਨੀ ਕਿ ਐਫ਼ਸੀਆਈ ਦੇ ਪੰਚਕੂਲਾ ਦਫ਼ਤਰ ਨੂੰ ਕਥਿਤ ਤੌਰ ਤੇ ਜਾਅਲੀ ਰਿਲੀਜ਼ ਆਰਡਰ ਭੇਜਿਆ ਅਤੇ ਐਫ਼ਸੀਆਈ ਦੇ ਕਰਨਾਲ ਅਤੇ ਕੁਰੂਕਸ਼ੇਤਰ ਦੇ ਗੁਦਾਮਾਂ ਤੋਂ ਲਗਭਗ 500 ਮੀਟਰਿਕ ਟਨ ਕਣਕ ਅਤੇ ਚੌਲ ਸਬਸਿਡੀ ਭਾਅ ਤੇ ਖ਼ਰੀਦ ਲਏ।
ਜਾਣਕਾਰੀ ਇਹ ਹੈ ਕਿ ਕਣਕ ਅਤੇ ਚੌਲ ਆਮ ਲੋਕਾਂ ਨੂੰ ਸਸਤੇ ਭਾਅ ਤੇ ਮਿਲਣੇ ਸਨ, ਪਰ ਹੁਣ ਇਹ ਅਨਾਜ ਕਿੱਥੇ ਗਿਆ ਹੈ, ਇਸ ਬਾਰੇ ਕੋਈ ਸੂਚਨਾ ਨਹੀਂ ਹੈ। ਦੂਜੇ ਪਾਸੇ ਸੰਭਾਵਨਾ ਇਹ ਹੈ ਕਿ ਕੰਪਨੀ ਨੇ ਇਹ ਅਨਾਜ ਓਪਨ ਮਾਰਕੀਟ ਵਿਚ ਮਹਿੰਗੀ ਕੀਮਤ ਤੇ ਵੇਚਣ ਲਈ ਖ਼ਰੀਦਿਆਂ ਸੀ, ਇਸ ਸਬੰਧ ਵਿਚ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ।
ਰਿਪੋਰਟਾਂ ਮੁਤਾਬਿਕ ਪੁਲਿਸ ਨੂੰ ਇਹ ਸ਼ਿਕਾਇਤ ਨੈਸ਼ਨਲ ਕੋਆਪਰੇਟਿਵ ਕਾਰਪੋਰੇਸ਼ਨ ਫੈਡਰੇਸ਼ਨ (ਐੱਨਸੀਸੀਐੱਫ) ਦੇ ਸੈਕਟਰ 22, ਚੰਡੀਗੜ੍ਹ ਦਫ਼ਤਰ ਤੋਂ ਮਿਲੀ ਹੈ। ਪੁਲਿਸ ਹੁਣ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰ ਰਹੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਇਸ ਵੱਡੇ ਘੁਟਾਲੇ ਤੋਂ ਪਰਦਾ ਉੱਠੇਗਾ ਕਿ ਆਖ਼ਿਰ ਕਿੰਨੇ ਪੈਸੇ, ਕਿਸ ਨੇ ਹੜੱਪੇ।
![](https://www.bolepunjab.com/wp-content/uploads/2025/02/signal-2025-02-07-062600_002.png)