ਸਾਹਿਬਜ਼ਾਦਾ ਅਜੀਤ ਸਿੰਘ ਨਗਰ, 07 ਫਰਵਰੀ,ਬੋਲੇ ਪੰਜਾਬ ਬਿਊਰੋ ;
ਪੰਜਾਬ ਨੈਸ਼ਨਲ ਬੈਂਕ ਵੱਲੋਂ ਮੋਹਾਲੀ ਦੇ ਸੈਕਟਰ 78 ਸਥਿਤ ਸਪੋਰਟਸ ਕੰਪਲੈਕਸ ਵਿੱਚ ਦੋ ਦਿਨਾਂ “ਪੀ ਐਨ ਬੀ ਹੋਮ ਲੋਨ ਅਤੇ ਸੂਰਿਆ ਹੋਮ ਲੋਨ ਐਕਸਪੋ 2025” ਆਯੋਜਿਤ ਕੀਤਾ ਗਿਆ।
ਇਸ ਐਕਸਪੋ ਦਾ ਉਦਘਾਟਨ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਐਕਸਪੋ ਉਨ੍ਹਾਂ ਗਾਹਕਾਂ ਨੂੰ ਵਿਸ਼ੇਸ਼ ਤੌਰ ‘ਤੇ ਲਾਭ ਪ੍ਰਦਾਨ ਕਰੇਗਾ, ਜੋ “ਸੂਰਿਆ ਘਰ ਯੋਜਨਾ” ਤਹਿਤ ਘਰ ਬਣਾਉਣ ਜਾਂ ਛੱਤਾਂ ‘ਤੇ ਸੂਰਜੀ ਊਰਜਾ ਪਲਾਂਟ ਲਗਾਉਣ ਲਈ ਕਰਜ਼ਾ ਲੈਣ ਚਾਹੁੰਦੇ ਹਨ। ਪੀ ਐਨ ਬੀ ਵੱਲੋਂ 8.40% ਦੀ ਆਕਰਸ਼ਕ ਵਿਆਜ ਦਰ ‘ਤੇ ਹਾਊਸਿੰਗ ਲੋਨ ਅਤੇ 7% ਦੀ ਵਿਆਜ ਦਰ ‘ਤੇ ਸੂਰਿਆ ਘਰ ਯੋਜਨਾ ਲੋਨ ਉਪਲਬਧ ਕਰਵਾਏ ਜਾ ਰਹੇ ਹਨ।
ਪੀ ਐਨ ਬੀ ਡਿਪਟੀ ਸਰਕਲ ਹੈੱਡ ਸੰਜੀਤ ਕੁਮਾਰ ਕੌਂਡਲ ਨੇ ਦੱਸਿਆ ਕਿ ਐਕਸਪੋ ਦੌਰਾਨ ਜਲਦੀ ਕਰਜ਼ਾ ਪ੍ਰਵਾਨਗੀ, ਵਿਸ਼ੇਸ਼ ਪੇਸ਼ਕਸ਼ਾਂ ਅਤੇ ਛੋਟਾਂ ਵੀ ਉਪਲਬਧ ਹਨ। ਟ੍ਰਾਈਸਿਟੀ ਦੇ ਰੀਅਲ ਅਸਟੇਟ ਮਾਹਿਰਾਂ ਅਤੇ ਬੈਂਕ ਅਧਿਕਾਰੀਆਂ ਨਾਲ ਗਾਹਕਾਂ ਨੂੰ ਸਿੱਧਾ ਸਲਾਹ-ਮਸ਼ਵਰਾ ਕਰਨ ਦਾ ਮੌਕਾ ਮਿਲ ਰਿਹਾ ਹੈ।
ਜ਼ਿਲ੍ਹਾ ਲੀਡ ਬੈਂਕ ਮੈਨੇਜਰ ਐਮ.ਕੇ. ਭਾਰਦਵਾਜ ਨੇ ਦੱਸਿਆ ਕਿ 8 ਫਰਵਰੀ ਨੂੰ ਪੀ ਐਨ ਬੀ ਮੁੱਖ ਦਫ਼ਤਰ, ਦਿੱਲੀ ਤੋਂ ਸੀਨੀਅਰ ਅਧਿਕਾਰੀ ਮੌਜੂਦ ਰਹਿਣਗੇ, ਜੋ ਮੌਕੇ 'ਤੇ ਹੀ ਕਰਜ਼ੇ ਦੀ ਪ੍ਰਕਿਰਿਆ ਪੂਰੀ ਕਰਨ ਵਿੱਚ ਮਦਦ ਕਰਨਗੇ। ਯੋਗ ਗਾਹਕਾਂ ਨੂੰ ਮੌਕੇ ਤੇ ਕਰਜ਼ੇ ਦੇ ਪ੍ਰਵਾਨਗੀ ਪੱਤਰ ਵੀ ਦਿੱਤੇ ਜਾਣਗੇ।
ਪੀ ਐਨ ਬੀ ਐਕਸਪੋ 2025 ਦੇ ਪਹਿਲੇ ਦਿਨ ਕੁੱਲ 266 ਲੀਡਜ਼, ਜੋ ₹90 ਕਰੋੜ ਤੋਂ ਵੱਧ ਦੀ ਰਕਮ ਨੂੰ ਦਰਸਾਉਂਦੀਆਂ ਹਨ, ਆਈਆਂ। ਇਸ ਮੌਕੇ 13.5 ਕਰੋੜ ਦੀ ਰਕਮ ਵਾਲੇ 8 ਕੇਸਾਂ ਨੂੰ ਤਤਕਾਲ ਮਨਜ਼ੂਰੀ ਦਿੱਤੀ ਗਈ। ਸੂਰਿਆ ਘਰ ਯੋਜਨਾ ਤਹਿਤ 73 ਪੁੱਛਗਿੱਛ ਆਈਆਂ, ਜੋ ₹2.42 ਕਰੋੜ ਦੀ ਰਕਮ ਦੇ ਕਰੀਬ ਹਨ। ਸਮਾਜਿਕ ਸੁਰੱਖਿਆ ਸਕੀਮਾਂ ਅਧੀਨ 100 ਗਾਹਕਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ।
ਡਿਪਟੀ ਕਮਿਸ਼ਨਰ ਮੈਡਮ ਆਸ਼ਿਕਾ ਜੈਨ ਨੇ ਪੀ ਐਨ ਬੀ ਟੀਮ, ਜ਼ਿਲ੍ਹਾ ਪ੍ਰਸ਼ਾਸਨ, ਸਪੋਰਟਸ ਕੰਪਲੈਕਸ ਪ੍ਰਸ਼ਾਸਨ, ਅਤੇ ਸਾਰੇ ਸਟੋਲ ਪਾਰਟਨਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੀ ਐਨ ਬੀ ਵੱਲੋਂ ਫਾਈਨੈਂਸ਼ੀਅਲ ਇੰਕਲੂਜ਼ਨ ਅਤੇ ਇੰਸਟੀਟਿਊਸ਼ਨਲ ਫਾਈਨੈਂਸਿੰਗ ਨੂੰ ਪ੍ਰਚਾਰਤ ਕਰਨ ਲਈ ਇਹ ਐਕਸਪੋ ਇਕ ਮਹੱਤਵਪੂਰਨ ਪਹਿਲ ਹੈ। ਉਨ੍ਹਾਂ ਨੇ ਆਮ ਲੋਕਾਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਪੀ ਐਨ ਬੀ ਦੀਆਂ ਵਿਸ਼ੇਸ਼ ਲੋਨ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।
ਇਸ ਮੌਕੇ ‘ਤੇ ਹਾਜ਼ਰ ਵਿਅਕਤੀਆਂ ਵਿੱਚ ਡਿਪਟੀ ਸਰਕਲ ਹੈੱਡ ਸੰਜੀਤ ਕੁਮਾਰ ਕੁੰਡਲ, ਜ਼ਿਲ੍ਹਾ ਲੀਡ ਬੈਂਕ ਮੈਨੇਜਰ ਐਮ.ਕੇ. ਭਾਰਦਵਾਜ, ਪੀ ਐਨ ਬੀ ਆਰਸੇਟੀ ਮੋਹਾਲੀ ਦੇ ਡਾਇਰੈਕਟਰ ਅਮਨਦੀਪ ਸਿੰਘ, ਮੁੱਖ ਪ੍ਰਬੰਧਕ ਵਿਜੇ ਨਾਗਪਾਲ, ਗੁਲਸ਼ਨ ਵਰਮਾ, ਰਮੇਸ਼ ਕੁਮਾਰ, ਸੋਹਨ ਲਾਲ, ਪਵਨਜੀਤ ਗਿੱਲ, ਟ੍ਰਾਈਸਿਟੀ ਦੇ ਬੈਂਕ, ਰੀਅਲ ਅਸਟੇਟ ਅਤੇ ਸੂਰਜੀ ਊਰਜਾ ਖੇਤਰ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
ਪੀ ਐਨ ਬੀ ਵੱਲੋਂ ਮੋਹਾਲੀ ਜ਼ਿਲ੍ਹੇ ਭਰ ਵਿੱਚ ਈ-ਰਿਕਸ਼ਾ ਰਾਹੀਂ ਐਕਸਪੋ ਬਾਰੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ, ਤਾਂ ਜੋ ਵੱਧ ਤੋਂ ਵੱਧ ਲੋਕ ਇਸਦਾ ਲਾਭ ਲੈ ਸਕਣ।
ਬੈਂਕ ਵੱਲੋਂ ਇਹ ਐਕਸਪੋ ਲੋਕਾਂ ਲਈ ਵਧੀਆ ਮੌਕਾ ਹੈ, ਜੋ ਆਪਣੇ "ਸਪਨੇ ਦੇ ਘਰ" ਜਾਂ "ਸੂਰਜੀ ਊਰਜਾ ਪ੍ਰੋਜੈਕਟ" ਲਈ ਲੋਨ ਲੈਣਾ ਚਾਹੁੰਦੇ ਹਨ।