ਬਠਿੰਡਾ, 7 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਬਠਿੰਡਾ ਦੇ ਪਿੰਡ ਬੀੜ ਤਾਲਾਬ ’ਚ ਸਥਿਤ ਮਿੰਨੀ ਚਿੜੀਆਘਰ-ਕਮ-ਡੀਅਰ ਸਫਾਰੀ ’ਚ ਜਲਦੀ ਭਾਲੂ ਤੇ ਚਾਰ ਹੋਰ ਤੇਂਦੁਏ ਦੇਖਣ ਨੂੰ ਮਿਲਣਗੇ। ਹਾਲਾਂਕਿ ਇਸ ਵੇਲੇ ਚਿੜੀਆਘਰ ’ਚ ਦੋ ਨਰ ਤੇਂਦੂਏ ਹਨ। ਹੁਣ ਇੱਥੇ ਦੋ ਮਾਦਾ ਤੇਂਦੂਏ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਨੂੰ ਹਿਮਾਚਲ ਦੇ ਗੋਪਾਲਪੁਰ ਤੋਂ ਲਿਆਂਦਾ ਜਾਵੇਗਾ। ਇਸ ਤੋਂ ਬਾਅਦ ਇੱਥੇ ਚਾਰ ਤੇਂਦੂਏ ਹੋ ਜਾਣਗੇ। ਇਸ ਤੋਂ ਇਲਾਵਾ ਜਲਦੀ ਚਿੜੀਆਘਰ ’ਚ ਭਾਲੂ ਵੀ ਦਿਖਾਈ ਦੇਣਗੇ। ਇਹ ਪਹਿਲੀ ਵਾਰ ਹੈ ਜਦੋਂ ਕਾਲੇ ਭਾਲੂ ਮਿੰਨੀ ਚਿੜੀਆਘਰ ’ਚ ਰੱਖੇ ਜਾਣਗੇ। ਭਾਰਤ ’ਚ ਜੰਗਲੀ ਜੀਵਾਂ ਦੀ ਸਿਹਤ ਤੇ ਰਿਹਾਇਸ਼ੀ ਸਥਿਤੀਆਂ ਦੀ ਨਿਗਰਾਨੀ ਕਰਨ ਲਈ ਜ਼ਿੰਮੇਵਾਰ ਰਾਸ਼ਟਰੀ ਸੰਸਥਾ ਕੇਂਦਰੀ ਚਿੜੀਆਘਰ ਅਥਾਰਟੀ (ਸੀਜ਼ੈੱਡਏ) ਨੇ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਗੋਪਾਲਪੁਰ ਚਿੜੀਆਘਰ ਵਜੋਂ ਜਾਣੇ ਜਾਂਦੇ ਧੌਲਾਧਰ ਨੇਚਰ ਪਾਰਕ ਤੋਂ ਦੋ ਮਾਦਾ ਤੇਦੂਏ ਨੂੰ ਤਬਦੀਲ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰੇਂਜ ਅਫ਼ਸਰ ਗੁਰਦੀਪ ਸਿੱਧੂ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਾਦਾ ਤੇਂਦੂਏ ਜਲਦੀ ਚਿੜੀਆਘਰ ’ਚ ਆਉਣਗੇ। ਇਸ ਵੇਲੇ ਬੀੜ ਤਲਾਬ ਚਿੜੀਆਘਰ ’ਚ ਦੋ ਨਰ ਤੇਂਦੂਏ ਹਨ। ਪਹਿਲਾਂ ਇੱਥੇ ਤਿੰਨ ਨਰ ਤੇਂਦੁਏ ਸਨ, ਪਰ ਇਕ ਦੀ ਮੌਤ ਹੋ ਗਈ ਸੀ। ਪਿੰਡ ’ਚ 161 ਏਕੜ ’ਚ ਫੈਲਿਆ ਇਹ ਚਿੜੀਆਘਰ 1978 ’ਚ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੁਆਰਾ ਸਥਾਪਤ ਕੀਤਾ ਗਿਆ ਸੀ। ਬਾਅਦ ’ਚ 1982 ’ਚ ਇਸ ਨੂੰ ਪੰਜਾਬ ਜੰਗਲਾਤ ਤੇ ਜੰਗਲੀ ਜੀਵ ਸੰਭਾਲ ਵਿਭਾਗ ਨੇ ਆਪਣੇ ਕਬਜ਼ੇ ’ਚ ਲੈ ਲਿਆ। ਸ਼ਹਿਰ ਦੇ ਬਾਹਰਵਾਰ ਸਥਿਤ ਇਸ ਚਿੜੀਆਘਰ ’ਚ ਕਈ ਤਰ੍ਹਾਂ ਦੇ ਜੰਗਲੀ ਜੀਵ ਰਹਿੰਦੇ ਹਨ। ਇਨ੍ਹਾਂ ’ਚ ਤੇਂਦੁਆ, ਕਾਲਾ ਹਿਰਨ, ਹਿਰਨ, ਰੀਸਸ, ਬਾਂਦਰ ਤੇ ਕਈ ਪੰਛੀਆਂ ਦੀਆਂ ਕਿਸਮਾਂ ਸ਼ਾਮਲ ਹਨ। ਚਿੜੀਆਘਰ ਤੇ ਇਸ ਦੇ ਨਾਲ ਲੱਗਦੀ ਹਿਰਨ ਸਫਾਰੀ ਨੂੰ ਦੇਖਣ ਲਈ ਰੋਜ਼ਾਨਾ ਵੱਡੀ ਗਿਣਤੀ ’ਚ ਲੋਕ ਆਉਂਦੇ ਹਨ। ਚਿੜੀਆਘਰ ’ਚ ਚਾਰ ਕਾਲੇ ਭਾਲੂਆਂ ਲਈ ਇਕ ਵਾੜੇ ਦੇ ਨਿਰਮਾਣ ’ਤੇ ਕੰਮ ਚੱਲ ਰਿਹਾ ਹੈ। ਕੇਂਦਰੀ ਚਿੜੀਆਘਰ ਅਥਾਰਟੀ ਤੋਂ ਕਾਲੇ ਭਾਲੂ ਦੇ ਦੋ ਜੋੜੇ ਮੰਗੇ ਗਏ ਹਨ। ਜਦਕਿ ਭਾਲੂਆਂ ਬਾਰੇ ਅੰਤਿਮ ਫੈਸਲਾ ਕੇਂਦਰੀ ਚਿੜੀਆਘਰ ਅਥਾਰਟੀ ਵੱਲੋਂ ਲਿਆ ਜਾਵੇਗਾ। ਇਸ ਤੋਂ ਇਲਾਵਾ ਬੀੜ ਤਾਲਾਬ ਚਿੜੀਆਘਰ ਵਿਚ ਈਮੂ, ਉੱਲੂ, ਮੋਰ, ਬਾਂਦਰ, ਤੋਤਾ, ਕਬੂਤਰ ਵਰਗੇ ਜਾਨਵਰ ਹਨ, ਉੱਥੇ ਹਿਰਨ ਸਫਾਰੀ ਵੱਖਰੇ ਤੌਰ ਤੇ ਬਣਾਈ ਗਈ ਹੈ। ਇੱਥੇ ਵੱਖ-ਵੱਖ ਨਸਲਾਂ ਦੇ 234 ਹਿਰਨ ਹਨ, ਜਿਨ੍ਹਾਂ ਨੂੰ ਸਫਾਰੀ ’ਚ ਆਜ਼ਾਦ ਛੱਡ ਦਿੱਤਾ ਗਿਆ ਹੈ।