ਛੱਤੀਸਗੜ੍ਹ , 6 ਫਰਵਰੀ,ਬੋਲੇ ਪੰਜਾਬ ਬਿਊਰੋ :
ਧਮਤਰੀ ਜ਼ਿਲ੍ਹੇ ਵਿਚ ਇਕ ਟਰੈਕਟਰ ਦੇ ਬੇਕਾਬੂ ਹੋ ਕੇ ਪਲਟ ਜਾਣ ਕਾਰਨ ਉਸ ਵਿਚ ਸਵਾਰ ਤਿੰਨ ਸਕੂਲੀ ਵਿਦਿਆਰਥੀਆਂ ਮੌਤ ਹੋ ਗਈ ਅਤੇ ਇਕ ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਪੁਲਿਸ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਬੁਧਵਾਰ ਨੂੰ ਜ਼ਿਲ੍ਹੇ ਦੇ ਕੁਰੂੜ ਖੇਤਰ ਦੇ ਅਧੀਨ ਪੈਂਦੇ ਪਿੰਡ ਚਰਾੜਾ ਨੇੜੇ ਟਰੈਕਟਰ ਬੇਕਾਬੂ ਹੋ ਕੇ ਪਲਟ ਗਿਆ, ਜਿਸ ’ਚ ਸਵਾਰ ਪ੍ਰੀਤਮ ਚੰਦਰਾਕਰ (16), ਮਯੰਕ ਧਰੁਵ (16) ਅਤੇ ਚਰਰਾ ਪਿੰਡ ਦੇ ਹਨੇਂਦਰ ਸਾਹੂ (14) ਦੀ ਮੌਤ ਹੋ ਗਈ ਅਤੇ ਬਾਂਗਰ ਪਿੰਡ ਦਾ ਰਹਿਣ ਵਾਲਾ ਅਰਜੁਨ ਯਾਦਵ ਜ਼ਖ਼ਮੀ ਹੋ ਗਿਆ। ਉਨ੍ਹਾਂ ਦਸਿਆ ਕਿ ਚਾਰੇ ਲੜਕੇ ਸਕੂਲ ਜਾਣ ਦੀ ਬਜਾਏ ਪ੍ਰੀਤਮ ਦੇ ਟਰੈਕਟਰ ’ਤੇ ਪਿੰਡ ਕੁਰੜ ਵੱਲ ਚਲੇ ਗਏ ਸਨ। ਪ੍ਰੀਤਮ ਟਰੈਕਟਰ ਚਲਾ ਰਿਹਾ ਸੀ।
ਪੁਲਿਸ ਨੇ ਦਸਿਆ ਕਿ ਵਾਪਸੀ ਦੌਰਾਨ ਜਦੋਂ ਉਹ ਪਿੰਡ ਚਰਾੜਾ ਨੇੜੇ ਪਹੁੰਚੇ ਤਾਂ ਟਰੈਕਟਰ ਬੇਕਾਬੂ ਹੋ ਕੇ ਇਕ ਛੱਪੜ ਨੇੜੇ ਪਲਟ ਗਿਆ। ਇਸ ਘਟਨਾ ਵਿਚ ਤਿੰਨ ਲੜਕਿਆਂ ਦੀ ਟਰੈਕਟਰ ਹੇਠਾਂ ਕੁਚਲਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਅਰਜੁਨ ਗੰਭੀਰ ਜ਼ਖ਼ਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਵਾਸੀਆਂ ਨੇ ਮੌਕੇ ’ਤੇ ਪਹੁੰਚ ਕੇ ਪੁਲਿਸ ਨੂੰ ਸੂਚਨਾ ਦਿਤੀ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਲਾਸ਼ਾਂ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਜ਼ਖ਼ਮੀ ਅਰਜੁਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਦਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।