ਟਾਂਡਾ, 6 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਅਮਰੀਕਾ ਤੋਂ ਡਿਪੋਰਟ ਹੋਣ ਤੋਂ ਬਾਅਦ ਕਈ ਨੌਜਵਾਨ ਪੰਜਾਬ ਵਾਪਸ ਮੁੜ ਆਏ ਹਨ। ਬੀਤੀ ਰਾਤ ਟਾਂਡਾ ਦੇ ਦੋ ਨੌਜਵਾਨ ਹਰਵਿੰਦਰ ਸਿੰਘ ਅਤੇ ਸੁਖਪਾਲ ਸਿੰਘ ਅੰਮ੍ਰਿਤਸਰ ਏਅਰਪੋਰਟ ’ਤੇ ਲੈਂਡ ਕਰਨ ਤੋਂ ਬਾਅਦ ਟਾਂਡਾ ਪਹੁੰਚੇ। ਉਨ੍ਹਾਂ ਨੇ ਸਥਾਨਕ ਵਿਧਾਇਕ ਜਸਬੀਰ ਸਿੰਘ ਨਾਲ ਮਿਲ ਕੇ ਆਪਣੀ ਹੱਡਬੀਤੀ ਸੰਘਰਸ਼ਪੂਰਨ ਕਹਾਣੀ ਸਾਂਝੀ ਕੀਤੀ।
ਸੁਖਪਾਲ ਸਿੰਘ ਨੇ ਦੱਸਿਆ ਕਿ ਉਹ 104 ਹੋਰ ਲੋਕਾਂ ਨਾਲ ਡਿਪੋਰਟ ਹੋ ਕੇ ਪੰਜਾਬ ਆਏ ਹਨ। ਸੁਖਪਾਲ ਨੇ ਭਾਵੁਕ ਹੋ ਕੇ ਦੱਸਿਆ ਕਿ ਡੌਂਕੀ ਰੂਟ ਦੌਰਾਨ ਉਹਨਾਂ ਨੇ ਕਈ ਡਰਾਉਣੇ ਪਲ ਦੇਖੇ। “ਮੇਰੀਆਂ ਅੱਖਾਂ ਸਾਹਮਣੇ ਦੋ ਮੁੰਡੇ ਮਰ ਗਏ। ਇਕ ਮੁੰਡਾ ਸਮੁੰਦਰ ਵਿਚ ਡੁੱਬ ਗਿਆ ਅਤੇ ਦੂਜਾ ਜੰਗਲ ਵਿਚ ਤੜਫ ਕੇ ਮਰ ਗਿਆ।”
ਉਨ੍ਹਾਂ ਦੱਸਿਆ ਕਿ ਏਜੰਟਾਂ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਸਿੱਧੀ ਅਮਰੀਕਾ ਦੀ ਫਲਾਈਟ ਤੋਂ ਉਤਾਰਨਗੇ। ਪਰ ਅਸਲ ਵਿਚ ਉਹਨਾਂ ਨੂੰ ਕਈ ਕਿਲੋਮੀਟਰ ਪੈਦਲ ਚਲਾਇਆ ਗਿਆ। “ਜੰਗਲਾਂ ਅਤੇ ਸਮੁੰਦਰ ਰਾਹੀਂ ਸਫ਼ਰ ਕਰਨ ਵਕਤ ਸਾਡੀ ਕਿਸ਼ਤੀ ਵੀ ਡੁੱਬਣ ਵਾਲੀ ਸੀ। ਰਸਤੇ ਵਿਚ ਡੌਂਕਰ ਸਾਨੂੰ ਕੁਝ ਨਹੀਂ ਦਿੰਦੇ ਸਨ। ਕਈ ਵਾਰ ਤਾਂ 4-4 ਦਿਨ ਭੁੱਖੇ ਰਹਿੰਦੇ ਸੀ।”
ਹਰਵਿੰਦਰ ਸਿੰਘ ਨੇ ਕਿਹਾ, “ਅਮਰੀਕਾ ਜਾਣ ਲਈ ਮੈਂ 42 ਲੱਖ ਰੁਪਏ ਖਰਚ ਕੀਤੇ। ਪਰ ਇਹ ਸਾਰਾ ਧੋਖਾ ਸੀ। ਜੇ ਕਿਸੇ ਨੂੰ ਬਾਹਰ ਭੇਜਣਾ ਹੈ, ਤਾਂ ਸਹੀ ਤਰੀਕੇ ਨਾਲ ਭੇਜੋ। ਦੋ ਨੰਬਰ ਦੇ ਰਸਤੇ ਕਦੇ ਵੀ ਨਹੀਂ।”
ਦੋਵੇਂ ਨੌਜਵਾਨਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਝੂਠੇ ਏਜੰਟਾਂ ਦੀਆਂ ਗੱਲਾਂ ਵਿਚ ਨਾ ਆਉਣ। “ਜਿੰਨਾ ਮਿਲੇ, ਪੰਜਾਬ ਵਿਚ ਹੀ ਖੁਸ਼ ਰਹੋ। ਭਾਵੇਂ ਘੱਟ ਖਾਓ, ਪਰ ਸੁਰੱਖਿਅਤ ਰਹੋ।”
ਹਰਵਿੰਦਰ ਅਤੇ ਸੁਖਪਾਲ ਨੇ ਪੰਜਾਬ ਸਰਕਾਰ ਨੂੰ ਮਦਦ ਲਈ ਅਪੀਲ ਕੀਤੀ ਹੈ, ਤਾਂ ਜੋ ਹੋਰ ਨੌਜਵਾਨਾਂ ਦੀ ਜ਼ਿੰਦਗੀ ਖਤਰੇ ਵਿੱਚ ਨਾ ਪਵੇ।ਉਨ੍ਹਾਂ ਕਿਹਾ ਕਿ “ਸਾਨੂੰ ਹੁਣ ਵੀ ਹਜ਼ਾਰਾਂ ਪੰਜਾਬੀ ਮੁੰਡਿਆਂ ਦੀ ਚਿੰਤਾ ਹੈ, ਜੋ ਉਥੇ ਫਸੇ ਹੋਏ ਹਨ। ਉਨ੍ਹਾਂ ਨੂੰ ਬਚਾਉਣ ਲਈ ਸਖਤ ਕਾਰਵਾਈ ਦੀ ਲੋੜ ਹੈ।”