ਜਗਰਾਓਂ, 6 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਜਗਰਾਉਂ ਦੇ ਪਿੰਡ ਅਖਾੜਾ ਤੇ ਪਿੰਡ ਭੂੰਦੜੀ ਵਿੱਚ ਲੱਗ ਰਹੀਆਂ ਸੀਐਨਜੀ ਗੈਸ ਫੈਕਟਰੀਆਂ ਖਿਲਾਫ ਚੱਲ ਰਹੇ ਵਿਰੋਧ ਪਰਦਰਸ਼ਨ ’ਤੇ ਅੱਜ ਸਵੇਰੇ ਹੀ ਹਾਲਾਤ ਤਣਾਅਪੂਰਨ ਬਣ ਗਏ। ਪੁਲਿਸ ਨੇ ਤੜਕੇ ਹੀ ਵੱਡੀ ਫੋਰਸ ਨਾਲ ਦਸਤਕ ਦੇਕੇ ਮੋਰਚਾ ਸੰਭਾਲ ਲਿਆ। ਭੂੰਦੜੀ ਪਿੰਡ ਵਿੱਚ ਮੋਰਚੇ ਤੇ ਬੈਠੇ ਵਿਰੋਧੀ ਕਾਰਕੁਨਾਂ ਨੂੰ ਹਟਾਉਂਦਿਆਂ ਪੁਲਿਸ ਨੇ ਜਥੇਬੰਦੀਆਂ ਦੇ ਪੱਕੇ ਮੋਰਚੇ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਤੇ ਕਈ ਕਾਰਕੁਨਾਂ ਨੂੰ ਰਾਊਂਡਅਪ ਕਰ ਲਿਆ।
ਦੂਜੇ ਪਾਸੇ, ਪਿੰਡ ਅਖਾੜਾ ਵਿੱਚ ਵੱਡੇ ਪੱਧਰ ’ਤੇ ਲੋਕ ਇਕੱਠੇ ਹੋ ਕੇ ਸੜਕਾਂ ’ਤੇ ਧਰਨੇ ਤੇ ਬੈਠ ਗਏ। ਇਸ ਮੌਕੇ ਉੱਤੇ ਔਰਤਾਂ ਤੇ ਮਰਦਾਂ ਨੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਆਪਣਾ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ। ਪਿੰਡ ਵਿੱਚ ਪੁਲਿਸ ਕਾਰਵਾਈ ਦੀ ਅਗਵਾਈ ਡੀਐਸਪੀ ਜਸਜੋਤ ਸਿੰਘ ਨੇ ਕੀਤੀ। ਕਈ ਬੱਸਾਂ ਵਿੱਚ ਪੁਲਿਸ ਫੋਰਸ ਪਿੰਡ ਵਿੱਚ ਪਹੁੰਚੀ, ਜਿਸ ਕਾਰਨ ਹਾਲਾਤ ਹੋਰ ਵੀ ਗੰਭੀਰ ਬਣ ਗਏ।
ਇਹ ਵਿਸ਼ੇਸ਼ ਜਿਕਰਯੋਗ ਹੈ ਕਿ ਗੈਸ ਫੈਕਟਰੀਆਂ ਦੇ ਇਸ ਮੁੱਦੇ ਤੇ ਕੱਲ੍ਹ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੋਣ ਵਾਲੀ ਹੈ। ਅਜੋਕੀ ਕਾਰਵਾਈ ਨੂੰ ਇਸ ਸੁਣਵਾਈ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਹਾਲਾਂਕਿ ਅਜੇ ਤੱਕ ਪੁਲਿਸ ਅਤੇ ਧਰਨਾਕਾਰੀਆਂ ਵਿਚਕਾਰ ਕੋਈ ਗੱਲਬਾਤ ਸ਼ੁਰੂ ਨਹੀਂ ਹੋਈ। ਪਿੰਡ ਵਿੱਚ ਹਾਲਾਤ ਤਣਾਅਪੂਰਨ ਹਨ ਅਤੇ ਪਿੰਡਵਾਸੀਆਂ ਵਿੱਚ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ।