ਬਰਨਾਲਾ, 6 ਫਰਵਰੀ,ਬੋਲੇ ਪੰਜਾਬ ਬਿਊਰੋ :
ਬਰਨਾਲਾ ਦੇ ਥਾਣਾ ਭਦੌੜ ਨਾਲ ਜੁੜੇ ਜਬਰ ਜਨਾਹ ਦੇ ਮਾਮਲੇ ’ਚ ਮੁਲਜ਼ਮ ਨੂੰ ਫੜਨ ਪਹੁੰਚੀ ਪੁਲਿਸ ਟੀਮ ’ਤੇ ਬਠਿੰਡਾ ਦੇ ਪਿੰਡ ਭਾਈਰੂਪਾ ਵਿੱਚ ਹਮਲਾ ਹੋਇਆ। ਪ੍ਰਾਪਤ ਜਾਣਕਾਰੀ ਮੁਤਾਬਕ, ਥਾਣਾ ਭਦੌੜ ਦੇ ਸਬ ਇੰਸਪੈਕਟਰ ਮਲਕੀਤ ਸਿੰਘ ਦੇ ਬਿਆਨਾਂ ’ਤੇ ਫੂਲ ਪੁਲਿਸ ਸਟੇਸ਼ਨ ’ਚ ਹਮਲਾਵਰਾਂ ਖ਼ਿਲਾਫ਼ ਵੱਖਰਾ ਕੇਸ ਦਰਜ ਕੀਤਾ ਗਿਆ ਹੈ।
ਸਬ ਇੰਸਪੈਕਟਰ ਨੇ ਦੱਸਿਆ ਕਿ ਜਬਰ ਜਨਾਹ ਦੇ ਮਾਮਲੇ ਵਿੱਚ ਮੁਲਜ਼ਮ ਲੋਂਗਾ ਨਾਥ ਦਾ ਪੁੱਤਰ ਲੱਖਣ ਨਾਥ ਤੇ ਵਿਸ਼ਾਲ ਪੁੱਤਰ ਗਣੇਸ਼ ਕਾਫ਼ੀ ਸਮੇਂ ਤੋਂ ਫਰਾਰ ਚੱਲ ਰਹੇ ਸਨ। ਥਾਣਾ ਭਦੌੜ ਵਿੱਚ ਇਨ੍ਹਾਂ ਖ਼ਿਲਾਫ਼ ਧਾਰਾ 64, 331(6), 115(2), 3(5) ਹੇਠ ਕੇਸ ਦਰਜ ਹੈ।
ਪੁਲਿਸ ਨੂੰ ਖ਼ੁਫ਼ੀਆ ਸੂਚਨਾ ਮਿਲੀ ਕਿ ਦੋਵੇਂ ਫਰਾਰ ਮੁਲਜ਼ਮ ਬਠਿੰਡਾ ਦੇ ਪਿੰਡ ਭਾਈਰੂਪਾ ਵਿੱਚ ਮੌਜੂਦ ਹਨ। ਜਿਸ ’ਤੇ ਭਦੌੜ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪਾ ਮਾਰਿਆ। ਇਸ ਦੌਰਾਨ, ਮੁਲਜ਼ਮ ਲੱਖਣ ਦੇ ਸਾਥੀਆਂ ਨੇ ਪੁਲਿਸ ਟੀਮ ’ਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਮੁਲਜ਼ਮ ਵਿਸ਼ਾਲ ਫਰਾਰ ਹੋ ਗਿਆ, ਜਦਕਿ ਲੱਖਣ ਨੂੰ ਪੁਲਿਸ ਨੇ ਮੌਕੇ ’ਤੇ ਹੀ ਕਾਬੂ ਕਰ ਲਿਆ।