ਅੰਮ੍ਰਿਤਸਰ, 5 ਫਰਵਰੀ,ਬੋਲੇ ਪੰਜਾਬ ਬਿਊਰੋ :
ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਸੀਆਈਏ ਸਟਾਫ-1 ਨੇ ਸਰਹੱਦ ਪਾਰ ਤੋਂ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਲੁਧਿਆਣਾ ਦੇ ਹੋਜ਼ਰੀ ਵਪਾਰੀ ਤੋਂ 2 ਕਿੱਲੋ 124 ਗ੍ਰਾਮ ਹੈਰੋਇਨ ਅਤੇ 15 ਲੱਖ ਰੁਪਏ ਹਵਾਲਾ ਰਕਮ ਬਰਾਮਦ ਕੀਤੀ ਹੈ। ਨਸ਼ਿਆਂ ਵਿਰੁੱਧ ਚਲ ਰਹੀ ਜੰਗ ਦੌਰਾਨ, ਕਮਿਸ਼ਨਰੇਟ ਪੁਲਿਸ ਨੇ 2 ਫਰਵਰੀ 2025 ਨੂੰ 2 ਕਿੱਲੋ 124 ਗ੍ਰਾਮ ਹੈਰੋਇਨ ਸਮੇਤ ਮਨਤੇਜ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਬੁਰਜ ਪਿੰਡ, ਥਾਣਾ ਸਰਾਏ ਅਮਾਨਤ ਖਾਨ, ਜ਼ਿਲ੍ਹਾ ਤਰਨਤਾਰਨ, ਉਮਰ 27 ਸਾਲ ਨੂੰ ਗ੍ਰਿਫਤਾਰ ਕਰਕੇ ਨਸ਼ੀਲੇ ਪਦਾਰਥ ਦੀ ਤਸਕਰੀ ਦੇ ਨੈਟਵਰਕ ਨੂੰ ਵੱਡਾ ਝਟਕਾ ਦਿੱਤਾ ਹੈ।
ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੇ ਪਿਛਲੇ ਅਤੇ ਅੱਗੇ ਦੇ ਲਿੰਕਾਂ ਦੀ ਗਹਿਰਾਈ ਨਾਲ ਜਾਂਚ ਕਰਨ ’ਤੇ ਪੁਲਿਸ ਨੂੰ ਲੁਧਿਆਣਾ ਦੇ ਹੋਜ਼ਰੀ ਵਪਾਰੀ ਤੋਂ ਨਸ਼ੀਲੇ ਪਦਾਰਥਾਂ ਦੇ ਪੈਸਿਆਂ ਨਾਲ ਸਬੰਧਤ ਜਾਣਕਾਰੀ ਮਿਲੀ। ਇਹ ਵਪਾਰੀ ਅਫਗਾਨਿਸਤਾਨ ਵਿੱਚ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨਾਲ ਸੰਬੰਧਤ ਸੀ।ਮੁਲਜ਼ਮ ਕਥਿਤ ਤੌਰ ’ਤੇ ਅਫਗਾਨਿਸਤਾਨ ਵਿੱਚ ਹੋਜ਼ਰੀ ਦਾ ਸਮਾਨ ਐਕਸਪੋਰਟ ਕਰਦੇ ਅਤੇ ਇਸ ਦੇ ਬਦਲੇ ਪੰਜਾਬ ਤੇ ਦਿੱਲੀ ਦੇ ਵੱਖ-ਵੱਖ ਹਿੱਸਿਆਂ ਤੋਂ ਨਸ਼ੇ ਦੀ ਆਮਦਨੀ ਵਜੋਂ ਹਵਾਲਾ ਰਕਮ ਪ੍ਰਾਪਤ ਕਰਦੇ ਸਨ।