ਬਠਿੰਡਾ, 5 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਮੁਹਾਲੀ ਦੇ ਖਰੜ ਸ਼ਹਿਰ ਤੋਂ ਕਾਰ ਖੋਹਣ ਵਾਲੇ ਚਾਰ ਲੁਟੇਰਿਆਂ ਨੂੰ ਸੀਆਈਏ ਸਟਾਫ਼ ਦੀ ਪੁਲਿਸ ਨੇ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਉਕਤ ਵਿਅਕਤੀਆਂ ਨੇ ਖਰੜ ਤੋਂ ਕਾਰ ਵਿਚ ਲਿਫਟ ਲਈ ਸੀ, ਜਿਸ ਤੋਂ ਬਾਅਦ ਉਹ ਹਥਿਆਰਾਂ ਦੇ ਜ਼ੋਰ ’ਤੇ ਕਾਰ ਸਵਾਰ ਨੂੰ ਰਾਮਪੁਰਾ ਖੇਤਰ ’ਚ ਲੈ ਆਏ ਅਤੇ ਪਿੰਡ ਮਹਿਰਾਜ ਨੇੜੇ ਉਤਾਰ ਕੇ ਕਾਰ ਸਮੇਤ ਫਰਾਰ ਹੋ ਗਏ ਸਨ।
ਪੁਲਿਸ ਨੇ ਮੁਲਜ਼ਮਾਂ ਤੋਂ ਦੋ 32 ਬੋਰ ਪਿਸਤੌਲ, ਨੌਂ ਅਣਚੱਲੇ ਕਾਰਤੂਸ ਅਤੇ ਤਿੰਨ ਮੈਗਜ਼ੀਨ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਖ਼ਿਲਾਫ਼ ਕੈਂਟ ਥਾਣੇ ’ਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਅਪਰਾਧਾਂ ਦਾ ਖੁਲਾਸਾ ਹੋ ਸਕੇ। ਪੁਲਿਸ ਸੂਤਰਾਂ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਗੈਂਗਸਟਰਾਂ ਨਾਲ ਜੁੜੇ ਹੋਏ ਹਨ ਅਤੇ ਕਈ ਅਪਰਾਧ ਕਰ ਚੁੱਕੇ ਹਨ।
ਇਸ ਪੂਰੇ ਮਾਮਲੇ ਸਬੰਧੀ ਅੱਜ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਕਰ ਕੇ ਐੱਸਐੱਸਪੀ ਵੱਲੋਂ ਕਈ ਮਹੱਤਵਪੂਰਨ ਖੁਲਾਸੇ ਕੀਤੇ ਜਾ ਸਕਦੇ ਹਨ। ਸੀਆਈਏ ਸਟਾਫ਼ 2 ਦੇ ਸਬ-ਇੰਸਪੈਕਟਰ ਜਰਨੈਲ ਸਿੰਘ ਨੇ ਦੱਸਿਆ ਕਿ ਪੁਲਿਸ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਲੋਕ ਕੈਂਟ ਪੁਲਿਸ ਸਟੇਸ਼ਨ ਖੇਤਰ ’ਚ ਗੈਰ-ਕਾਨੂੰਨੀ ਹਥਿਆਰਾਂ ਨਾਲ ਘੁੰਮ ਰਹੇ ਹਨ ਅਤੇ ਕੋਈ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ। ਇਸ ਤੋਂ ਬਾਅਦ ਸੀਆਈਏ ਸਟਾਫ ਪੁਲਿਸ ਨੇ ਰਿੰਗ ਰੋਡ ਨੇੜੇ ਨਾਕਾਬੰਦੀ ਕਰ ਕੇ ਮੁਲਜ਼ਮ ਯੁੱਧਵੀਰ ਸਿੰਘ, ਜਸਪਾਲ ਸਿੰਘ ਪਿੰਡ ਜੈਦ, ਸੁਖਵਿੰਦਰ ਸਿੰਘ ਵਾਸੀ ਰਾਮਪੁਰਾ ਅਤੇ ਗੁਰਜੀਤ ਸਿੰਘ ਵਾਸੀ ਲਹਿਰਾ ਧੂਰਕੋਟ ਨੂੰ ਗ੍ਰਿਫ਼ਤਾਰ ਕਰ ਕੇ ਦੋ 32 ਬੋਰ ਪਿਸਤੌਲ, 9 ਕਾਰਤੂਸ ਅਤੇ ਉਨ੍ਹਾਂ ਤੋਂ ਤਿੰਨ ਮੈਗਜ਼ੀਨ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ ਕਿ ਜਦੋਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਮੰਨਿਆ ਕਿ 30 ਜਨਵਰੀ ਨੂੰ ਉਨ੍ਹਾਂ ਨੇ ਖਰੜ ਦੇ ਰਹਿਣ ਵਾਲੇ ਮਨੋਜ ਕੁਮਾਰ ਦੀ ਸਵਿਫਟ ਕਾਰ ਲੁੱਟ ਲਈ ਸੀ।