ਪਿੰਡ ਵਾਸੀਆਂ ਲਈ ਦਿੱਕਤ ਖੜੀ ਕਰਨ ਦੀ ਥਾਂ ਸਰਕਾਰ ਸੌਖੀ ਪਾਲਸੀ ਕਰੇ ਲਾਗੂ : ਪਰਵਿੰਦਰ ਸਿੰਘ ਸੋਹਾਣਾ
ਮੋਹਾਲੀ : 5 ਫਰਵਰੀ, ਬੋਲੇ ਪੰਜਾਬ ਬਿਊਰੋ :
ਪਿੰਡ ਸੋਹਾਣਾ ਵਿੱਚ ਨਗਰ ਨਿਗਮ ਵੱਲੋਂ ਘਰ ਅਤੇ ਬਿਲਡਿੰਗਾਂ ਸੀਜ਼ ਕਰਨ ਦੀ ਕਾਰਵਾਈ ਕਰਨ ਲਈ ਆਏ ਅਧਿਕਾਰੀਆਂ ਨੂੰ ਪਿੰਡ ਵਾਸੀਆਂ ਵੱਲੋਂ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪਿੰਡ ਵਾਸੀਆਂ ਨੇ ਅਕਾਲੀ ਦਲ ਮੋਹਾਲੀ ਦੇ ਮੁਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਦੀ ਅਗਵਾਈ ਹੇਠ ਨਗਰ ਨਿਗਮ ਦੇ ਅਸਿਸਟੈਂਟ ਕਮਿਸ਼ਨਰ ਜਗਜੀਤ ਸਿੰਘ ਤੇ ਹੋਰ ਅਧਿਕਾਰੀਆਂ ਵਿਰੁੱਧ ਸਖਤ ਨਾਰਾਜ਼ਗੀ ਕਰਦਿਆਂ ਰੋਸ ਪ੍ਰਗਟਾਵਾ ਕੀਤਾ।ਪਿੰਡ ਵਾਸੀਆਂ ਨੇ ਦਲੀਲ ਦਿੱਤੀ ਕਿ ਮੋਹਾਲੀ ਨਗਰ ਨਿਗਮ ਦੇ ਅਧੀਨ ਆਉਣ ਵਾਲੇ ਪਿੰਡਾਂ ਵਿੱਚ ਸ਼ਹਿਰੀ ਬਿਲਡਿੰਗ ਬਾਇਲਾਜ਼ ਲਾਗੂ ਕਰਨਾ ਗਲਤ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡਾਂ ਦੀ ਸੰਰਚਨਾ ਅਤੇ ਰਿਹਾਇਸ਼ੀ ਵਿਧੀ ਸ਼ਹਿਰੀ ਇਲਾਕਿਆਂ ਤੋਂ ਵੱਖਰੀ ਹੈ, ਇਸ ਲਈ ਇਹ ਨਿਯਮ ਇੱਥੇ ਲਾਗੂ ਕਰਨਾ ਕਿਸੇ ਵੀ ਤਰੀਕੇ ਨਾਲ ਜਾਇਜ਼ ਨਹੀਂ।
ਪਰਵਿੰਦਰ ਸਿੰਘ ਸੋਹਾਣਾ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਪਿੰਡ ਵਾਸੀਆਂ ਦੀ ਹਾਲਤ ਨੂੰ ਸਮਝਦੇ ਹੋਏ ਇੱਕ ਵਿਵੇਕਪੂਰਨ ਅਤੇ ਸੌਖੀ ਪਾਲਸੀ ਲਾਗੂ ਕੀਤੀ ਜਾਵੇ, ਤਾਂ ਜੋ ਲੋਕ ਬਿਨਾਂ ਕਿਸੇ ਦਿੱਕਤ ਦੇ ਆਪਣੇ ਘਰਾਂ ਅਤੇ ਬਿਲਡਿੰਗਾਂ ਲਈ ਨਕਸ਼ੇ ਪਾਸ ਕਰਵਾ ਸਕਣ। ਉਨ੍ਹਾਂ ਦੱਸਿਆ ਕਿ ਕਈ ਪੁਰਾਣੇ ਘਰ ਵੀ ਇਸ ਨਤੀਜੇ ਵਜੋਂ ਪ੍ਰਭਾਵਿਤ ਹੋ ਰਹੇ ਹਨ।ਭਾਰੀ ਵਿਰੋਧ ਦੇ ਮੱਦੇਨਜ਼ਰ, ਨਗਰ ਨਿਗਮ ਅਧਿਕਾਰੀਆਂ ਨੇ ਪਿੰਡ ਵਾਸੀਆਂ ਨੂੰ ਮੀਟਿੰਗ ਲਈ ਸੱਦਾ ਦਿੱਤਾ। ਦੁਪਹਿਰ ਬਾਅਦ ਪਿੰਡ ਵਾਸੀਆਂ ਦੇ ਨੁਮਾਇੰਦਿਆਂ ਅਤੇ ਨਗਰ ਨਿਗਮ ਕਮਿਸ਼ਨਰ ਵਿਚਾਲੇ ਮੁਲਾਕਾਤ ਹੋਈ, ਜਿਸ ਵਿੱਚ ਲੋਕਾਂ ਨੇ ਆਪਣੇ ਮੁੱਦੇ ਪੂਰੇ ਜ਼ੋਰ ਨਾਲ ਰਖੇ।
ਪਿੰਡ ਵਾਸੀਆਂ ਦੀ ਮੰਗ ਹੈ ਕਿ ਸਰਕਾਰ ਹਮਦਰਦੀ ਨਾਲ ਵਿਚਾਰ ਕਰੇ ਅਤੇ ਨਵੇਂ ਨਿਯਮ ਪਿੰਡਾਂ ਦੀ ਹਕੀਕਤ ਨੂੰ ਧਿਆਨ ਵਿੱਚ ਰੱਖ ਕੇ ਬਣਾਏ। ਉਹਨਾਂ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਇਹ ਸਖ਼ਤ ਨਿਯਮ ਜਾਰੀ ਰਹੇ, ਤਾਂ ਲੋਕ ਵੱਡੇ ਪੱਧਰ ‘ਤੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਇਸ ਮੋਕੇ ਹਰਜੀਤ ਸਿੰਘ ਭੋਲੂ ਕੋਸਲਰ ਹਰਵਿੰਦਰ ਸਿੰਘ ਨੰਬਰਦਾਰ ਪਰਮਜੀਤ ਸਿੰਘ ਬੈਦਵਾਣ ਭਾਗ ਸਿੰਘ ਭੁਪਿੰਦਰ ਸਿੰਘ ਹਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਚ ਨਗਰ ਨਿਵਾਸੀ ਹਾਜ਼ਰ ਸਨ