ਜਦੋਂ ਦੇਸ਼ ਆਜ਼ਾਦ ਹੋਇਆ ਸੀ ਤਾਂ ਉਸ ਵਕਤ ਦੇਸ਼ ਦੀ ਕੁੱਲ ਵੱਸੋਂ 43 ਕਰੋੜ ਤੇ ਬੇਰੁਜ਼ਗਾਰੀ ਦਾ ਅੰਕੜਾ ਇਕ ਕਰੋੜ ਤੋਂ ਹੇਠਾਂ ਸੀ। ਜੋ 77 ਸਾਲਾਂ ਚ ਲਗਾਤਾਰ ਵਧਦਾ ਚਲਾ ਗਿਆ।ਭਾਰਤੀ ਆਰਥਿਕਤਾ ਸਬੰਧੀ ਨਿਗਰਾਨ ਕੇਂਦਰ ਅਨੁਸਾਰ ਦਸੰਬਰ 2021 ਵਿਚ ਭਾਰਤ ਵਿਚ 5.3 ਕਰੋੜ ਲੋਕ ਬੇਰੁਜ਼ਗਾਰ ਸਨ ।ਪਰ ਇਸ ਵਿਚ ਸਿਰਫ਼ ਉਹ ਲੋਕ ਸ਼ਾਮਲ ਕੀਤੇ ਗਏ ਜਿਹੜੇ ਪੜ੍ਹੇ-ਲਿਖੇ ਸਨ।ਪੜ੍ਹੇ-ਲਿਖੇ ਬੇਰੁਜ਼ਗਾਰਾਂ ਤੋਂ ਕਿਤੇ ਜ਼ਿਆਦਾ ਅਨਪੜ੍ਹ ਬੇਰੁਜ਼ਗਾਰ ਹਨ।ਪੜ੍ਹੇ ਅਤੇ ਅਨਪੜ੍ਹ ਅਰਧ-ਬੇਰੁਜ਼ਗਾਰਾਂ ਦੀ ਗਿਣਤੀ ਬੇਰੁਜ਼ਗਾਰਾਂ ਦੀ ਗਿਣਤੀ ਤੋਂ ਕਿਤੇ ਜ਼ਿਆਦਾ ਹੈ।ਇੱਥੇ ਸਵਾਲ ਉਠਦਾ ਹੈ ਕਿ ਕੀ 3 ਕਰੋੜ ਤੋਂ ਜਿਆਦਾ ਉਹ ਬੱਚੇ ਜਿਹੜੇ ਘਰਾਂ, ਫਾਰਮਾਂ, ਫੈਕਟਰੀਆਂ ਤੇ ਢਾਬਿਆਂ ਆਦਿ ’ਤੇ ਕੰਮ ਕਰ ਰਹੇ ਹਨ।ਉਨ੍ਹਾਂ ਨੂੰ ਰੁਜ਼ਗਾਰਾਂ ਦੀ ਗਿਣਤੀ ਵਿਚ ਗਿਣਿਆ ਜਾ ਸਕਦਾ ਹੈ?ਇਸ ਸੂਰਤ ਵਿਚ ਬੇਰੁਜ਼ਗਾਰਾਂ ਦੀ ਗਿਣਤੀ 5.3 ਕਰੋੜ ਤੋਂ ਕਿਤੇ ਜ਼ਿਆਦਾ ਵਧ ਜਾਵੇਗੀ।ਪੰਜਾਬ ਚ ਵੀ ਬੇਰੁਜ਼ਗਾਰੀ ਬੇਹੱਦ ਵਧਦੀ ਚੱਲੀ ਜਾ ਰਹੀ ਹੈ ਇਸ ਨੂੰ ਠੱਲ ਪਾਉਣੀ ਜਰੂਰੀ ਹੈ ।ਭਾਂਵੇ ਪੰਜਾਬ ਦੇ ਸਰਕਾਰੀ ਸਕੂਲਾਂ ਚ ਵੱਖ ਵੱਖ ਤਰਾਂ ਦੇ ਕਿੱਤਾ ਮੁਖੀ ਕੋਰਸ 9 ਵੀਂ ਕਲਾਸ ਤੋਂ ਸ਼ੁਰੂ ਹਨ।ਪਰ ਫਿਲਹਾਲ ਉਹਨਾਂ ਦੇ ਸਾਰਥਕ ਨਤੀਜ਼ੇ ਨਹੀਂ ਮਿਲ ਰਹੇ।ਜੋ ਮਿਲਣੇ ਚਾਹੀਦੇ ਹਨ।ਇਸ ਸਭ ਦੇ ਬਾਵਜੂਦ ਸਾਨੂੰ ਚੰਗੇ ਨਤੀਜਿਆਂ ਦੀ ਉਮੀਦ ਨਹੀਂ ਛੱਡਣੀ ਚਾਹੀਦੀ ।ਇਸ ਤੋ ਪਹਿਲਾਂ ਵੀ 1972ਚ ਉਸ ਸਮੇ ਦੀ ਸੂਬਾ ਸਰਕਾਰ ਵਲੋ ਵੋਕੇਸ਼ਨਲ ਸਕੀਮ( ਕਿੱਤਾ ਮੁਖੀ ਕੋਰਸ)ਚਾਲੂ ਕੀਤੀ ਗਈ ਸੀ।ਜਿਸ ਵਿਚ ਮੈਨੀਕਲ,ਇਲੈਕਟ੍ਰੀਕਲ,ਹੋਰਟੀਕਲਚਰ,ਕੰਪਿਊਟਰ ਸਾਇੰਸ,ਗਾਰਮਿੰਟ ਮੇਕਿੰਗ,ਨਿਟਿੰਗ ਟੈਕਨਾਲੋਜੀ,ਡਾਇੰਗ ਐਂਡ ਪੇਂਟਿੰਗ,ਆਟੋ ਮੋਬਾਈਲ ਅਤੇ ਵੈਲਡਿੰਗ ਸਮੇਤ 22ਦੇ ਕਰੀਬ ਟ੍ਰੇਡ ਸ਼ਾਮਿਲ ਸਨ।ਜਿਸ ਦੇ ਕੋਈ ਬਾਹਲੇ ਚੰਗੇ ਨਤੀਜ਼ੇ ਨਹੀਂ ਆਏ ।ਹੁਣ ਇਹ ਵੋਕੇਸ਼ਨਲ ਸਕੀਮ ਇਕ ਤਰਾਂ ਨਾਲ ਫ਼ੇਲ ਹੋ ਚੁੱਕੀ ਹੈ ।ਬਹੁਤ ਸਾਰੇ ਸਕੂਲਾਂ ਚ ਇਸ ਸਕੀਮ ਅਧੀਨ ਚਲਦੀਆਂ ਟਰੇਡਾਂ ਬੰਦ ਹੋ ਚੁੱਕੀਆਂ ਹਨ ਜਾਂ ਬੰਦ ਹੋਣ ਦੀ ਕਗਾਰ ਤੇ ਹਨ।ਇਸ ਦੇ ਫ਼ੇਲ ਹੋਣ ਚ ਸਭ ਤੋ ਵੱਡਾ ਰੋਲ ਸਰਕਾਰਾਂ ਦਾ ਹੀ ਰਿਹਾ ਹੈ।ਕਿੱਤਾ ਮੁਖੀ ਕੋਰਸਾਂ ਦੇ ਸਾਜੋ ਸਾਮਾਨ ਵਾਸਤੇ ਗਰਾਂਟ ਨਾ ਭੇਜਣਾ ਇਸ ਸਕੀਮ ਦੇ ਫ਼ੇਲ ਹੋਣ ਦਾ ਸਭ ਤੋ ਵੱਡਾ ਕਾਰਨ ਬਣਿਆ।ਜਿਸ ਦਾ ਨਤੀਜ਼ਾ ਇਹ ਨਿਕਲਿਆ ਕੇ ਵੋਕੇਸ਼ਨ ਸਕੀਮ ਤਾ ਫ਼ੇਲ ਹੋਈ ਹੀ ,ਨਾਲ ਹੀ ਇਨ੍ਹਾਂ ਕਿੱਤਾ ਮੁਖੀ ਕੋਰਸਾਂ ਲਈ ਬਣਾਈਆਂ ਲੈਬਾਂ ਤੇ ਖ਼ਰਚਿਆ ਕਰੌੜਾਂ ਰੁਪਿਆ ਵੀ ਬੇਕਾਰ ਗਿਆ।ਵੋਕੇਸ਼ਨ ਅਧਿਆਪਕਾਂ ਦੀ ਭਰਤੀ ਤੇ ਫੁੱਲ ਸਟਾਪ ਲਾ ਦਿੱਤਾ ਗਿਆ।ਅਗਰ ਇਸ ਸਕੀਮ ਨੂੰ ਸਰਕਾਰਾਂ ਇਮਾਨਦਾਰੀ ਨਾਲ ਚਾਲੂ ਰੱਖਦੀਆਂ ਤਾ ਅੱਜ ਸ਼ਾਇਦ ਸਾਡੇ ਨੌਜਵਾਨ ਉਕਤ ਕਿੱਤਾ ਮੁਖੀ ਕੋਰਸਾਂ ਦਾ ਲਾਭ ਉਠਾ ਕੇ ਆਪਣੇ ਸਵੈ ਰੁਜ਼ਗਾਰ ਆਰੰਭ ਕਰਕੇ ਇਕ ਸਫਲ ਇਨਸਾਨ ਬਣੇ ਹੁੰਦੇ।ਇਸ ਨਾਲ ਸੂਬੇ ਦੀ ਆਰਥਕ ਹਾਲਤ ਵੀ ਬੇਹਤਰ ਹੋਣੀ ਸੀ।ਸ਼ਾਇਦ ਉਹਨਾਂ ਨੂੰ ਰੁਜ਼ਗਾਰ ਦੀ ਤਲਾਸ਼ ਚ ਵਿਦੇਸ਼ ਪਰਵਾਸ ਨਾ ਕਰਨਾ ਪੈਂਦਾ।ਬੇਰੁਜ਼ਗਾਰੀ ਦੀ ਵਜ੍ਹਾ ਦੇ ਸਿੱਟੇ ਵਜੋਂ ਸੂਬੇ ਦੇ ਬਹੁਤ ਸਾਰੇ ਨੌਜਵਾਨ ਨਸ਼ੇ ਚ ਫਸ ਕੇ ਆਪਣੀਆਂ ਜਾਨਾ ਗਵਾ ਬੈਠਦੇ ਹਨ।ਰੁਜਗਾਰ ਨਾ ਮਿਲਣ ਕਰਕੇ ਬਹੁਤ ਸਾਰੇ ਨੌਜਵਾਨ ਖੁਦਕਸ਼ੀਆਂ ਕਰਨ ਲਈ ਮਜਬੂਰ ਹੋ ਜਾਂਦੇ ਹਨ।ਰੁਜਗਾਰ ਨਾ ਮਿਲਣ ਜਾਂ ਰੋਜ਼ੀ ਰੋਟੀ ਦਾ ਜੁਗਾੜ ਨਾ ਬਣਨ ਕਰਕੇ ਵਿਆਹੁਤਾ ਜਿੰਦਗੀ ਚ ਪਤੀ ਪਤਨੀ ਦੇ ਰਿਸ਼ਤੇ ਚ ਵੀ ਦਰਾੜ ਪੈ ਜਾਂਦੀ ਹੈ ਤੇ ਕਈ ਵਾਰ ਤਾਂ ਤਲਾਕ ਤੱਕ ਦੀ ਨੌਬਤ ਆ ਜਾਂਦੀ ਹੈ।ਮੈਟਰੀਮੋਨੀਅਲ ਡਿਸਬਿਊਟ (ਝਗੜੇ) ਦੀ ਇਕ ਵਜ੍ਹਾ ਬੇਰੁਜ਼ਗਾਰੀ ਵੀ ਹੈ।ਬੇਰੁਜ਼ਗਾਰੀ ਦੇ ਚੱਕਰ ਚ ਬਹੁਤ ਸਾਰੇ ਨੌਜਵਾਨ ਆਈਲੈਟਸ ਕੀਤੀ ਕੁੜੀ ਲੱਭਦੇ ਹਨ ਤਾਂ ਕਿ ਉਸ ਨਾਲ ਵਿਆਹ ਕਰਵਾ ਕੇ ਬਾਹਰਲੇ ਮੁਲਕਾਂ ਚ ਰੁਜਗਾਰ ਮਿਲ ਸਕੇ ਤੇ ਉਥੇ ਪੱਕੇ ਹੋ ਸਕਣ। ਪਰ ਇਹ ਸਾਡੇ ਸਮਾਜ ਲਈ ਚੰਗਾ ਵਰਤਾਰਾ ਨਹੀਂ ਹੈ।ਇਹ ਸਾਡੇ ਸਮਾਜ ਦੇ ਮਾੜੇ ਵਰਤਾਰੇ ਨੂੰ ਦਰਸਾਉਂਦਾ ਹੈ।ਇਸ ਨੂੰ ਰੋਕਣ ਦੀ ਜਰੂਰਤ ਹੈ।ਦੇਰ ਆਏ ਦਰੁਸਤ ਆਏ ! ਹੁਣ ਵੀ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕੇ ਆਈਟੀ,ਬਿਊਟੀ ਵੈੱਲਨੈੱਸ ਤੇ ਸਪੋਰਟਸ ਆਦਿ ਟਰੇਡ ਜੋ ਸਰਕਾਰੀ ਸਕੂਲਾਂ ਚ ਸ਼ੁਰੂ ਕੀਤੇ ਹੋਏ ਹਨ ।ਉਹਨਾਂ ਨੂੰ ਗਰਾਂਟ ਵਗ਼ੈਰਾ ਦੀ ਘਾਟ ਨਾ ਆਉਣ ਦੇਵੇ।ਕਿਤੇ ਇਹ ਨਾ ਹੋਵੇ ਕੇ ਏਨਾ ਨਵੇਂ ਕੋਰਸਾ ਦਾ ਹਾਲ ਵੀ ਵੋਕੇਸ਼ਨਲ ਸਕੀਮ (ਕਿੱਤਾ ਮੁਖੀ ਸਕੀਮ )ਵਰਗਾ ਹੀ ਹੋ ਜਾਵੇ ।ਇਹ ਕਿੱਤਾ ਮੁਖੀ ਕੋਰਸਾਂ ਨੂੰ ਕਾਲਜਾਂ ਚ ਵੀ ਚਾਲੂ ਕੀਤੇ ਜਾਣਾ ਲਾਜ਼ਮੀ ਹੈ ਤਾਂ ਜੋ ਨੌਜਵਾਨ ਮੁੰਡੇ ਕੁੜੀਆਂ ਸਰਕਾਰੀ ਨੌਕਰੀਆਂ ਹਾਸਲ ਕਰਨ ਅਤੇ ਵਿਦੇਸ਼ਾਂ ਚ ਸੈੱਟ ਹੋਣ ਦੀ ਬਜਾਏ ਆਪਣੇ ਮੁਲਕ ਚ ਹੀ ਸੈੱਟ ਹੋਣ ਨੂੰ ਤਰਜੀਹ ਦੇਣ।ਸੋ ਸਰਕਾਰ ਨੂੰ ਚਾਹੀਦਾ ਹੈ ਕੇ ਸਕੂਲਾਂ ਕਾਲਜਾਂ ਚ ਵੱਡੀ ਪੱਧਰ ਉੱਤੇ ਕਿੱਤਾ ਮੁਖੀ ਕੋਰਸ ਸ਼ੁਰੂ ਕਰੇ।ਨਾਲ ਹੀ ਇਨ੍ਹਾਂ ਕੋਰਸਾਂ ਨੂੰ ਪੂਰਾ ਕਰਨ ਪਿੱਛੋਂ ਸਵੈ ਰੁਜਗਾਰ ਸ਼ੁਰੂ ਕਰਨ ਵਾਸਤੇ ਨੌਜਵਾਨਾ ਨੂੰ ਵਧ ਤੋ ਵਧ ਸਬ ਸੀਡੀ ਦਿੱਤੀ ਜਾਵੇ।ਸਬਸਿਡੀ ਦੇਣ ਨਾਲ ਨੌਜਵਾਨ ਆਪਣਾ ਰੁਜਗਾਰ ਖੋਲ੍ਹਣ ਵਾਸਤੇ ਉਤਸਾਹਿਤ ਹੋਣਗੇ।ਇਸ ਨਾਲ ਜਿੱਥੇ ਬੇਰੁਜ਼ਗਾਰੀ ਨੂੰ ਠੱਲ ਪਵੇਗੀ ਉਥੇ ਨਾਲ ਹੀ ਦੇਸ਼ ਆਰਥਕ ਪੱਖੋਂ ਮਜ਼ਬੂਤ ਹੋਵੇਗਾ।ਸਭ ਤੋਂ ਵੱਡੀ ਗੱਲ ਇਸ ਨਾਲ ਨਸ਼ਿਆਂ ਦੇ ਰੁਝਾਨ ਨੂੰ ਮੋੜਾ ਪੈਣ ਦੇ ਅਸਾਰ ਵੀ ਬਨਣਗੇ ।
ਲੈਕਚਰਾਰ ਅਜੀਤ ਖੰਨਾ
(ਐਮਏ ਐਮਫਿਲ ਐਮਜੇਐਮਸੀ ਬੀਐਡ )
ਮੋਬਾਈਲ:76967-54669