ਦੋਰਾਹਾ, 4 ਫਰਵਰੀ,ਬੋਲੇ ਪੰਜਾਬ ਬਿਊਰੋ :
ਦੋਰਾਹਾ ਘਾਟ ’ਤੇ ਦੇਵੀ ਸਰਸਵਤੀ ਦੀਆਂ ਮੂਰਤੀਆਂ ਦੇ ਵਿਸਰਜਨ ਦੌਰਾਨ ਇੱਕ ਦੁੱਖਦਾਈ ਘਟਨਾ ਵਾਪਰੀ। ਸੁਰੱਖਿਆ ਇੰਤਜ਼ਾਮਾਂ ਦੀ ਕਮੀ ਕਰਕੇ ਸਰਹਿੰਦ ਨਹਿਰ ਦੇ ਡੂੰਘੇ ਪਾਣੀ ਵਿੱਚ ਡਿੱਗਣ ਨਾਲ ਇੱਕ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਹ ਘਟਨਾ ਉਦੋਂ ਵਾਪਰੀ, ਜਦ ਮੂਰਤੀਆਂ ਨੂੰ ਵਿਸਰਜਨ ਲਈ ਨਹਿਰ ਦੇ ਕੰਢੇ ਲਿਆਂਦਾ ਜਾ ਰਿਹਾ ਸੀ। ਓਸ ਵੇਲੇ ਅਚਾਨਕ ਨੌਜਵਾਨ ਦਾ ਪੈਰ ਫਿਸਲ ਗਿਆ ਅਤੇ ਉਹ ਡੂੰਘੇ ਪਾਣੀ ਵਿੱਚ ਡੁੱਬ ਗਿਆ।
ਸ਼ੁਰੂਆਤੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਲੁਧਿਆਣਾ ਦੇ ਗੋਵਿੰਦਗੜ੍ਹ ਨਿਵਾਸੀ ਸੁਧੀਰ ਵਜੋਂ ਹੋਈ ਹੈ।ਗੌਰਤਲਬ ਹੈ ਕਿ ਦੋਰਾਹਾ ਘਾਟ ’ਤੇ ਲੋਕਾਂ ਦੀ ਭਾਰੀ ਭੀੜ ਇਕੱਠੀ ਸੀ ਅਤੇ ਮੂਰਤੀਆਂ ਦੇ ਵਿਸਰਜਨ ਦਾ ਕੰਮ ਚਲ ਰਿਹਾ ਸੀ। ਸੁਰੱਖਿਆ ਉਪਾਅ ਦੀ ਘਾਟ ਕਾਰਨ ਇਹ ਦੁੱਖਦਾਈ ਹਾਦਸਾ ਵਾਪਰਿਆ।
ਥਾਣਾ ਪੁਲਿਸ ਪ੍ਰਸ਼ਾਸਨ ਨੇ ਗੋਤਾਖੋਰਾਂ ਦੀ ਮਦਦ ਨਾਲ ਮ੍ਰਿਤਕ ਦੀ ਲਾਸ਼ ਨਹਿਰ ਵਿੱਚੋਂ ਕੱਢ ਕੇ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ। ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰਨ ਲਈ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ।