ਲਖਨਊ, 4 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਉੱਤਰ ਪ੍ਰਦੇਸ਼ ਦੇ ਫਤੇਹਪੁਰ ਵਿੱਚ ਵੱਡਾ ਰੇਲ ਹਾਦਸਾ ਵਾਪਰਿਆ ਹੈ। ਇੱਥੇ ਦੋ ਮਾਲ ਗੱਡੀਆਂ ਦੀ ਆਪਸ ‘ਚ ਜ਼ੋਰਦਾਰ ਟੱਕਰ ਹੋ ਗਈ। ਇਕ ਮਾਲ ਗੱਡੀ ਪਟੜੀ ‘ਤੇ ਖੜ੍ਹੀ ਸੀ ਜਦੋਂ ਇਕ ਹੋਰ ਮਾਲ ਗੱਡੀ ਨੇ ਉਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਅੱਗੇ ਖੜ੍ਹੀ ਮਾਲ ਗੱਡੀ ਦਾ ਇੰਜਣ ਅਤੇ ਗਾਰਡ ਦਾ ਡਿੱਬਾ ਪਟੜੀ ਤੋਂ ਉਤਰ ਗਿਆ। ਹਾਦਸੇ ‘ਚ ਦੋਵੇਂ ਟ੍ਰੇਨਾਂ ਦੇ ਲੋਕੋ ਪਾਇਲਟ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਇਹ ਘਟਨਾ ਮੰਗਲਵਾਰ ਸਵੇਰੇ ਡੈਡੀਕੇਟਿਡ ਫਰੇਟ ਕੋਰੀਡੋਰ (DFC) ‘ਤੇ ਵਾਪਰੀ।
ਜਾਣਕਾਰੀ ਅਨੁਸਾਰ ਇਸ ਟ੍ਰੈਕ ‘ਤੇ ਸਿਰਫ਼ ਮਾਲ ਗੱਡੀਆਂ ਹੀ ਚੱਲਦੀਆਂ ਹਨ। ਅਜਿਹੇ ‘ਚ ਇਸ ਘਟਨਾ ਦਾ ਯਾਤਰੀ ਟ੍ਰੇਨਾਂ ‘ਤੇ ਕੋਈ ਅਸਰ ਨਹੀਂ ਪਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਰੇਲਵੇ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਦੋਵਾਂ ਟ੍ਰੇਨਾਂ ਦੇ ਲੋਕੋ ਪਾਇਲਟਾਂ ਨੂੰ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਰਾਹਤ ਅਤੇ ਬਚਾਅ ਲਈ ਟੀਮਾਂ ਪਹੁੰਚ ਗਈਆਂ ਹਨ। ਹਾਦਸਾ ਕਾਨਪੁਰ-ਫਤਿਹਪੁਰ ਵਿਚਕਾਰ ਖਾਗਾ ‘ਚ ਪੰਭੀਪੁਰ ਨੇੜੇ ਅੱਪ ਲਾਈਨ ‘ਤੇ ਹੋਇਆ।