ਜਲੰਧਰ, 4 ਫਰਵਰੀ,ਬੋਲੇ ਪੰਜਾਬ ਬਿਊਰੋ :
ਸੂਰਿਆ ਐਨਕਲੇਵ ’ਚ ਪੁਲਿਸ ਸਟੇਸ਼ਨ ਰਾਮਾ ਮੰਡੀ ਨੇੜੇ ਆਈਬੀਐੱਮ ਟੂਰ ਐਂਡ ਟਰੈਵਲ ਤੇ ਓਵਰਸੀਜ਼ ਮੈਨਪਾਵਰ ਕੰਸਲਟੈਂਟ ਦੇ ਦਫ਼ਤਰ ’ਚ ਭਿਆਨਕ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਦੂਰੋਂ ਹੀ ਦਿਖਾਈ ਦੇ ਰਹੀਆਂ ਸਨ। ਜਿਸ ਕਾਰਨ ਦਫ਼ਤਰ ’ਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਸਥਾਨਕ ਲੋਕਾਂ ਨੇ ਇਸ ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ। ਫਾਇਰ ਬ੍ਰਿਗੇਡ ਦੀ ਟੀਮ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਘਟਨਾ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਫਿਲਹਾਲ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਜਾਪਦਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਅੱਗ ਥਾਣੇ ਤੋਂ ਕੁਝ ਮੀਟਰ ਦੂਰ ਸਥਿਤ ਇਮਾਰਤ ਦੀ ਪਹਿਲੀ ਮੰਜ਼ਿਲ ਤੇ ਲੱਗੀ। ਜਿਸ ਇਮਾਰਤ ਚ ਅੱਗ ਲੱਗੀ ਉੱਥੇ ਦਫ਼ਤਰ ਦੇ ਕਾਗਜ਼ੀ ਕੰਮ ਦਾ ਸਾਮਾਨ ਰੱਖਿਆ ਹੋਇਆ ਸੀ। ਅੱਗ ਭਿਆਨਕ ਹੋਣ ਕਾਰਨ ਅੱਗ ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ’ਤੇ ਪਹੁੰਚੀਆਂ। ਖੁਸ਼ਕਿਸਮਤੀ ਰਹੀ ਕਿ ਇਸ ਘਟਨਾ ’ਚ ਪਾਸਪੋਰਟ ਤੇ ਹੋਰ ਜ਼ਰੂਰੀ ਦਸਤਾਵੇਜ਼ ਅੱਗ ਦੀ ਲਪੇਟ ’ਚ ਆਉਣ ਤੋਂ ਬਚ ਗਏ। ਕਿਉਂਕਿ ਪੀੜਤ ਨੇ ਉਕਤ ਵਸਤੂ ਨੂੰ ਕਿਸੇ ਹੋਰ ਹਿੱਸੇ ’ਚ ਰੱਖਿਆ ਹੋਇਆ ਸੀ।