ਪਟਿਆਲ਼ਾ, 3 ਫਰਵਰੀ, ਬੋਲੇ ਪੰਜਾਬ ਬਿਊਰੋ :
ਪੰਜਾਬ ਰਾਜ ਬਾਲ ਸੁਰੱਖਿਆ ਕਮਿਸ਼ਨ ਨੇ ਪਟਿਆਲਾ ‘ਚ 10 ਸਾਲਾ ਬੱਚੇ ‘ਤੇ ਤਸ਼ੱਦਦ ਦੇ ਮਾਮਲੇ ਦਾ ਨੋਟਿਸ ਲਿਆ ਹੈ। ਕਮਿਸ਼ਨ ਨੇ ਇਸ ਮਾਮਲੇ ਵਿੱਚ ਪਟਿਆਲਾ ਦੇ ਡੀਸੀ ਅਤੇ ਐਸਐਸਪੀ ਤੋਂ ਰਿਪੋਰਟ ਮੰਗੀ ਹੈ। ਕਮਿਸ਼ਨ ਦੇ ਚੇਅਰਮੈਨ ਕੰਵਰਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਐਫ.ਆਈ.ਆਰ. ਦਰਜ ਕਰ ਲਈ ਹੈ।
ਹੁਣ ਗੋਦ ਲੈਣ ਦੀ ਪ੍ਰਕਿਰਿਆ ਦੀ ਜਾਂਚ ਕੀਤੀ ਜਾਵੇਗੀ।ਸਾਡੀ ਟੀਮ ਪਟਿਆਲਾ ਜਾ ਰਹੀ ਹੈ। ਮਾਮਲੇ ਵਿੱਚ ਜੁਵੇਨਾਈਲ ਐਕਟ ਦੀਆਂ ਧਾਰਾਵਾਂ ਲਗਾਈਆਂ ਗਈਆਂ ਹਨ। ਇਸ ਤੋਂ ਇਲਾਵਾ ਕਈ ਵਿਭਾਗਾਂ ਤੋਂ ਜਵਾਬ ਮੰਗੇ ਗਏ ਹਨ।
ਜਿਕਰਯੋਗ ਹੈ ਕਿ ਐਤਵਾਰ ਨੂੰ ਪਟਿਆਲਾ ਦੀ ਰਿਸ਼ੀ ਕਾਲੋਨੀ ‘ਚ ਕਿਰਾਏ ਦੇ ਮਕਾਨ ‘ਚ ਰਹਿਣ ਵਾਲੀ ਇਕ ਔਰਤ ਵੱਲੋਂ ਜਸਕਰਨ ਨਾਂ ਦੇ 10 ਸਾਲਾ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ, ਬਿਨਾਂ ਛੱਤ ਵਾਲੇ ਕਮਰੇ ‘ਚ ਰੱਖਣ ਤੇ ਗਰਮ ਪਰੈਸ ਨਾਲ ਉਸ ਦਾ ਚਿਹਰਾ ਸਾੜ ਕੇ ਉਸ ‘ਤੇ ਤਸ਼ੱਦਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਬੱਚੇ ਦਾ ਕਸੂਰ ਸਿਰਫ ਇੰਨਾ ਸੀ ਕਿ ਬੱਚੇ ਨੇ ਗੈਸ ਰੈਗੂਲੇਟਰ ਨੂੰ ਜਗਦਾ ਛੱਡ ਦਿੱਤਾ ਸੀ।