ਨਾਪ ਤੋਲ ਕੇ ਬੋਲਣਾ,ਇੱਕ ਕਲਾ !

ਪੰਜਾਬ

ਸਿਆਣੇ ਕਹਿੰਦੇ ਹਨ ਕੁਝ ਵੀ ਬੋਲਣ ਤੋ ਪਹਿਲਾਂ ਇੱਕ ਵਾਰ ਨਹੀਂ,ਸੌ ਵਾਰ ਸੋਚੋ ਤਾਂ ਜੋ ਬਾਅਦ ਚ ਤੁਹਾਨੂੰ ਆਪਣੇ ਬੋਲਾਂ ਉੱਤੇ ਪਛਤਾਉਣਾ ਨਾ ਪਵੇ।ਕਿਉਂਕਿ ਕਮਾਨ ਚੋਂ ਨਿਕਲਿਆ ਤੀਰ ਤੇ ਜ਼ੁਬਾਨ ਚੋਂ ਨਿਕਲੇ ਬੋਲ ਕਦੇ ਵਾਪਿਸ ਨਹੀਂ ਮੁੜਦੇ ।ਇਸ ਵਾਸਤੇ ਪਹਿਲਾਂ ਤੋਲੋ ਫਿਰ ਬੋਲੋ।ਜੋ ਵੀ ਬੋਲਣਾ ਹੈ ਨਾਪ ਤੋਲ ਕੇ ਬੋਲੋ।ਉਹ ਭਾਂਵੇ ਤੁਸੀਂ ਚਾਰ ਬੰਦਿਆ ਚ ਬੋਲਣਾ ਹੋਵੋ ਜਾਂ ਸੱਥ ਚ ਤੇ ਜਾਂ ਫਿਰ ਕੀਤੇ ਤਕਰੀਰ ਕਰਦੇ ਵਕਤ।ਤੁਹਾਡੇ ਬੋਲਣ ਦੇ ਤੌਰ ਤਰੀਕੇ ਨੇ ਹੀ ਤੁਹਾਡੀ ਸ਼ਖਸ਼ੀਅਤ ਦਾ ਪੱਖ ਉਜਾਗਰ ਕਰਕੇ ਸਾਹਮਣੇ ਵਾਲੇ ਵਿਅਕਤੀ ਤੇ ਤੁਹਾਡਾ ਪ੍ਰਭਾਵ ਛੱਡਣਾ ਹੁੰਦਾ ਹੈ।ਜੇਕਰ ਤੁਹਾਡੇ ਬੋਲਣ ਦੀ ਕਲਾ ਅਸਰਦਾਰ ਹੋਵੇਗੀ ਤਾਂ ਸਾਹਮਣੇ ਵਾਲੇ ਵਿਆਕਤੀ ਉੱਤੇ ਚੰਗਾ ਪ੍ਰਭਾਵ ਪਵੇਗਾ।ਗੱਲਬਾਤ ਦੌਰਾਨ ਲੋੜ ਅਨੁਸਾਰ ਮੁਹਾਵਰੇ ਤੇ ਅਖੌਤਾਂ ਦਾ ਇਸਤੇਮਾਲ ਕਰੋ।ਜੋ ਤੁਹਾਡੀ ਗੱਲ ਨੂੰ ਹੋਰ ਪਰਭਾਵਸ਼ਾਲੀ ਬਣਾਉਣਗੇ।ਬੋਲਚਾਲ ਦੌਰਾਨ ਸੌਖੇ ਸ਼ਬਦ ਬੋਲੋ, ਜੋ ਤੁਹਾਡੀ ਗੱਲ ਨੂੰ ਅਸਰਦਾਇਕ ਬਣਾਉਣਗੇ।ਸਦਾ ਉਸ ਭਾਸ਼ਾ ਚ ਵਾਰਤਲਾਪ ਕਰੋ ਜੋ ਸਾਹਮਣੇ ਵਾਲੇ ਨੂੰ ਸਮਝ ਆਉਂਦੀ ਹੋਵੇ।ਨਹੀਂ ਤਾਂ ਝੋਟੇ ਸਾਹਮਣੇ ਬੀਨ ਵਜਾਉਣ ਵਾਲੀ ਗੱਲ ਹੋਵੇਗੀ।ਜੋ ਸ਼ਬਦਾਵਲੀ ਤੁਸੀਂ ਬੋਲਦੇ ਹੈ ਉਹ ਅਸਰ ਭਰਪੂਰ ਹੋਣੀ ਜਰੂਰੀ ਹੈ।ਤੁਹਾਡੇ ਮੂਹੋਂ ਸ਼ਬਦ ਮੋਤੀਆਂ ਦੀ ਤਰਾਂ ਕਿਰਨੇ ਚਾਹੀਦੇ ਹਨ।ਇਸ ਨਾਲ ਤੁਹਾਡੀ ਸ਼ਖਸ਼ੀਅਤ ਦਾ ਸਾਹਮਣੇ ਵਾਲੇ ਉੱਤੇ ਡੂੰਘਾ ਪ੍ਰਭਾਵ ਪਵੇਗਾ।ਤੁਸੀਂ ਆਪਣੀ ਗੱਲ ਸਮਝਾਉਣਾ ਜਾਂ ਮਨਾਉਣ ਚ ਜਲਦੀ ਸਫਲ ਹੋਵੋਗੇ।ਕਦੇ ਵੀ ਬੇਲੋੜਾ ਤੇ ਵਾਹਯਾਤ ਬੋਲ ਕੇ ਆਪਣੀ ਗੱਲ ਦੇ ਵਜ਼ਨ ਨੂੰ ਘੱਟ ਨਾ ਕਰੋ।ਕਦੇ ਕਿਸੇ ਨਾਲ ਅਜਿਹੀ ਭਾਸ਼ਾ ਚ ਗੱਲ ਨਾ ਕਰੋ ਜੋ ਚੁਭਵੀਂ ਹੋਵੇ ਤੇ ਸਾਹਮਣੇ ਵਾਲੇ ਦਾ ਦਿਲ ਦੁਖਾਵੇ ਜਾਂ ਉਸ ਨੂੰ ਹਰਟ ਕਰੇ।ਇਸ ਨਾਲ ਤੁਹਾਡੇ ਰਿਲੇਸ਼ਨ ਵਿਗੜ ਸਕਦੇ ਹਨ।ਜੋ ਸਮਾਜ ਚ ਤੁਹਾਡੀ ਬਦਨਾਮੀ ਦਾ ਕਾਰਨ ਵੀ ਬਣ ਸਕਦਾ।ਇੱਕ ਸੱਭਿਅਕ ਮਨੁੱਖ ਦੀ ਤਰਾਂ ਹਮੇਸ਼ਾਂ ਮਿੱਠੀ ਤੇ ਪਿਆਰ ਵਾਲੀ ਜ਼ੁਬਾਨ ਚ ਗੱਲ ਕਰੋ।ਬੇਸ਼ੱਕ ਗੱਲਬਾਤ ਕਰਨ ਸਮੇਂ ਤੁਸੀਂ ਕਿਸੇ ਵੀ ਹਾਲਾਤ ਚ ਹੋ ਤੇ ਤੁਹਾਡਾ ਮੂਡ ਕਿਹੋ ਜੇਹਾ ਵੀ ਹੈ। ਸਾਹਮਣੇ ਵਾਲੇ ਨੂੰ ਆਪਣੇ ਹਾਲਾਤਾਂ ਤੇ ਆਪਣੇ  ਮੂਡ ਬਾਰੇ ਜਾਹਰ ਨਾ ਹੋਣ ਦਿਓ।ਨਹੀਂ ਤਾਂ ਤੁਹਾਡੀ ਸ਼ਖਸ਼ੀਅਤ ਦਾ ਮਾੜਾ ਪੱਖ ਉਜਾਗਰ ਹੋਵੇਗਾ।ਸਹਿਜ ਤੇ ਠਹਰ੍ਹਮੇ ਨਾਲ ਕੀਤੀ ਗੱਲ ਹਮੇਸ਼ਾਂ ਜਿਆਦਾ ਅਸਰਦਾਇਕ ਹੁੰਦੀ ਹੈ।ਇਹ ਕਦੇ ਨਾ ਭੁੱਲੋ ਕੇ ਸਾਹਮਣੇ ਵਾਲੇ ਦੀ ਵੀ ਆਪਣੀ ਸ਼ਖਸ਼ੀਅਤ ਹੈ।ਜੇ ਤੁਸੀਂ ਦੂਜੇ ਤੋਂ ਆਪਣੀ ਗੱਲ ਮਨਵਾਉਣੀ ਹੈ ਜਾਂ ਉਸ ਉੱਤੇ ਆਪਣਾ ਪ੍ਰਭਾਵ ਛੱਡਣਾ ਤਾਂ ਬੜੇ ਪਿਆਰ ਭਰੇ ਲਹਿਜੇ ਨਾਲ ਵਾਰਤਲਾਪ ਕਰੋ।ਕੁੜੱਤਣ ਭਰੇ ਸ਼ਬਦਾਂ ਤੋ ਗੁਰੇਜ਼ ਕਰੋ ਤੇ ਮਿੱਠੇ ਬੋਲ ਬੋਲੋ।ਗੱਲਬਾਤ ਕਰਦੇ ਸਮੇ ਜਿੰਨੇ ਸ਼ਬਦਾਂ ਦੀ ਲੋੜ ਹੈ ਓਨ੍ਹੇ ਹੀ ਮੂਹੋਂ ਕੱਢੋ।ਫਾਲਤੂ ਬੋਲੇ ਸ਼ਬਦ ਤੁਹਾਡੀ ਗੱਲਬਾਤ ਦੀ ਡ੍ਰਾਫਟਿੰਗ (ਵਿਉਂਤਬੰਦੀ )ਨੂੰ ਵਿਗਾੜ ਦਿੰਦੇ ਹਨ ।ਜਿਸ ਨਾਲ ਤੁਹਾਡੀ ਗੱਲ ਦਾ ਵਜ਼ਨ ਘਟਦਾ ਹੈ।ਆਪਣੀ ਗੱਲ ਨੂੰ ਮਜ਼ਬੂਤ ਤੇ ਠੋਸ ਸੋਹਣੇ ਸ਼ਬਦਾਂ ਚ ਇਸ ਤਰਾਂ ਬਾਖੂਬੀ ਨਾਲ ਬਿਆਨ ਕਰੋ ਕੇ ਸਾਹਮਣੇ ਵਾਲਾ ਨਾ ਚਾਹੁੰਦਾ ਹੋਇਆ ਵੀ ਤੁਹਾਡਾ ਕਾਇਲ ਹੋ ਜਾਵੇ ਤੇ ਮੱਲੋਮੱਲੀ ਤੁਹਾਡੀ ਗੱਲ ਦੀ ਹਾਮੀ ਭਰ ਦੇਵੇ।ਮਤਲਬ ਤੁਹਾਡੀ ਕਹੀ ਗੱਲ ਨਾਲ ਸਹਿਮਤ ਹੋ ਜਾਵੇ।ਇਹੋ ਤੁਹਾਡੀ ਕਲਾ ਹੈ।ਇਸੇ ਨੂੰ ਕਿਹਾ ਜਾਂਦਾ ਹੈ ਨਾਪ ਤੋਲ ਕੇ ਬੋਲਣਾ।ਕਦੇ ਕਿਸੇ ਨੂੰ ਉੱਚਾ ਬੋਲ ਕੇ ਜਾਂ ਡਰਾ ਧਮਕਾ ਕੇ ਆਪਣੀ ਗੱਲ ਦੇ ਵਜ਼ਨ ਨੂੰ ਘਟ ਨਾ ਕਰੋ।ਸ਼ਬਦਾਂ ਚ ਬੋਲਟ (ਗੋਲੀ)ਜਿੰਨੀ ਤਾਕਤ ਹੁੰਦੀ ਹੈ।ਬਸ ਤੁਹਾਨੂੰ ਸ਼ਬਦ ਬੋਲਣ ਦੀ ਕਲਾ ਆਉਣੀ ਚਾਹੀਦੀ ਹੈ।ਜਿੰਨੇ ਘੱਟ ਸ਼ਬਦਾਂ ਚ ਤੁਸੀਂ ਗੱਲ ਰੱਖੋਗੇ ਤੁਹਾਡੀ ਗੱਲ ਓਨੀ ਹੀ ਵਜ਼ਨਦਾਰ ਤੇ ਠੋਸ ਹੋਵੇਗੀ ।ਹਾਂ !ਜੇਕਰ ਕਿਧਰੇ ਵਿਸਥਾਰ ਚ ਗੱਲ ਕਰਨ ਦੀ ਲੋੜ ਹੋਵੇ ਹੈ ਤਾਂ ਜਰੂਰ ਕਰੋ।ਵਰਨਾ ਸੀਮਤ ਸ਼ਬਦਾਂ ਚ।ਗੱਲ ਕਰਦੇ ਵਕਤ ਜਿੱਥੋਂ ਤੱਕ ਹੋ ਸਕੇ ਕੋਈ ਗੱਲ ਮੁੜ ਮੁੜ ਨਾ ਦੁਹਰਾਓ ।ਗੱਲ ਦਾ ਦੁਹਰਾਓ ਸਮੇ ਦੀ ਬਰਬਾਦੀ ਤੇ ਗੱਲ ਨੂੰ ਘੱਟ ਅਸਰਦਾਇਕ ਬਣਾਉਦਾ ਹੈ।ਇਹ ਵੀ ਵੇਖੋ ਕੇ ਸਾਹਮਣੇ ਵਾਲਾ ਤੁਹਾਡੀ ਗੱਲ ਦਾ ਕਿੰਨਾ ਕੁ ਹੁੰਗਾਰਾ ਭਰ ਰਿਹਾ ਹੈ ।ਭਾਵ ਉਹ ਤੁਹਾਡੀ ਗੱਲ ਚ ਰੁਚੀ ਲੈ ਵੀ ਰਿਹਾ ਹੈ ਕੇ ਨਹੀਂ ? ਜੇ ਸਾਹਮਣੇ ਵਾਲਾ ਤੁਹਾਡੀ ਗੱਲ ਨੂੰ ਧਿਆਨ ਨਾਲ ਨਹੀਂ ਸੁਣਦਾ ਤਾ ਗੱਲ ਕਰਨੀ ਬੰਦ ਕਰ ਕੇ ਹੋਰ ਵਿਸ਼ੇ ਉੱਤੇ ਗੱਲਬਾਤ ਸ਼ੁਰੂ ਕਰ ਦੇਵੋ।ਅਗਲੀ ਗੱਲ ਸਾਹਮਣੇ ਵਾਲੇ ਦੀ ਗੱਲ ਨੂੰ ਕਦੇ ਨਾ ਕੱਟੋ।ਇਸ ਨਾਲ ਉਸ ਚ ਤੁਹਾਡੇ ਪ੍ਰਤੀ ਨੈਗਟੇਵਿਟੀ ਪੈਦਾ ਨਹੀਂ ਹੋਵੇਗੀ।ਉਹ ਤੁਹਾਡੇ ਲਈ ਚੰਗਾ ਸੋਚੇਗਾ।ਉਸਦੀ ਉਸਾਰੂ ਪਹੁੰਚ ਤੁਹਾਡੇ ਲਈ ਫਾਇਦੇਵੰਦ ਸਾਬਤ ਹੋਵੇਗੀ।ਇਹ ਸਭ ਗੱਲਾਂ ਨਾਪ ਤੋਲ ਕੇ ਬੋਲਣ ਦੀ ਕਲਾ ਦਾ ਹਿੱਸਾ ਹਨ।ਜਿਹਨਾਂ ਨੂੰ ਬੋਲਣ ਸਮੇਂ ਧਿਆਨ ਚ ਰੱਖਣਾ ਲਾਜ਼ਮੀ ਹੈ।ਨਹੀਂ ਤਾਂ ਅਕਸਰ ਵੇਖਿਆ ਹੈ ਕੇ ਲਫ਼ਜ਼ ਹੀ ਕਈ ਵਾਰ ਇਨਸਾਨੀ ਰਿਸ਼ਤਿਆਂ ਚ ਵਿਗਾੜ ਪਾ ਦਿੰਦੇ ਹਨ।ਇਸੇ ਲਈ ਕਿਹਾ ਗਿਆ ਮੰਦਾ ਬੋਲ ਨਾ ਬੋਲੀਏ ਕਰਤਾਰੋਂ ਡਰੀਏ।

    ਲੈਕਚਰਾਰ ਅਜੀਤ ਖੰਨਾ 

(ਐਮਏ ਐਮਫਿਲ ਐਮਜੇਐਮਸੀ ਬੀ ਐਡ )

ਮੋਬਾਈਲ 76967-54669 

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।