ਘਨੌਰ, 3 ਫਰਵਰੀ,ਬੋਲੇ ਪੰਜਾਬ ਬਿਊਰੋ :
ਘਨੌਰ ਦੇ ਨੇੜਲੇ ਪਿੰਡ ਕਾਮੀ ਕਲਾਂ ਵਿੱਚ ਇਕ ਦੁਕਾਨ ਦੀ ਛੱਤ ’ਤੇ ਪਤੰਗ ਉਡਾ ਰਹੇ 10 ਸਾਲਾ ਬੱਚੇ ਦੀ ਛੱਤ ਤੋਂ ਹੇਠਾਂ ਡਿੱਗਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ਦੇ ਨੌਜਵਾਨ ਕਿਸਾਨ ਆਗੂ ਸਰਬਜੀਤ ਸਿੰਘ ਕਾਮੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨ ਪਿੰਡ ਦੇ ਇਕ ਪਰਿਵਾਰ ਦਾ 10 ਸਾਲਾ ਬੱਚਾ, ਅਮ੍ਰਿਤ ਸਿੰਘ ਪੁੱਤਰ ਕਰਮ ਚੰਦ, ਜੋ ਕਿ ਨੇੜਲੀ ਦੁਕਾਨ ਦੀ ਛਤ ’ਤੇ ਪਤੰਗ ਉਡਾ ਰਿਹਾ ਸੀ, ਪਤੰਗ ਉਡਾਉਂਦੇ ਸਮੇਂ ਉਸ ਦੀਆਂ ਲੱਤਾਂ ਵਿੱਚ ਡੋਰ ਫੱਸ ਗਈ ਅਤੇ ਉਹ ਪੂਰੀ ਤਰ੍ਹਾਂ ਡੋਰ ਵਿੱਚ ਉਲਝ ਗਿਆ।
ਉਹ ਬੱਚਾ ਆਪਣੇ ਆਪ ਨੂੰ ਡੋਰ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰਦਿਆਂ ਛਤ ਤੋਂ ਹੇਠਾਂ ਡਿੱਗ ਪਿਆ, ਜਿਸਨੂੰ ਪਰਿਵਾਰ ਅਤੇ ਆਲੇ-ਦੁਆਲੇ ਦੇ ਲੋਕਾਂ ਨੇ ਸਰਕਾਰੀ ਹਸਪਤਾਲ ਘਨੌਰ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਹਾਲਤ ਨਾਜ਼ੁਕ ਦੇਖਦੇ ਹੋਏ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ। ਜਦੋਂ ਕਿ ਪਟਿਆਲਾ ਵਾਲਿਆਂ ਨੇ ਉਸ ਬੱਚੇ ਨੂੰ ਚੰਡੀਗੜ੍ਹ ਭੇਜ ਦਿੱਤਾ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਗੌਰਤਲਬ ਹੈ ਕਿ ਇਸ ਪਰਿਵਾਰ ਕੋਲ ਮੁੰਡਾ-ਕੁੜੀ ਦੋ ਬੱਚੇ ਸਨ।