ਏਆਈ ਸੰਚਾਲਿਤ ਸਕਰੀਨਿੰਗ ਕੋਲੋਨੋਸਕੋਪੀ ਪੋਲੀਪ ਪਛਾਣ ਦਰ ਨੂੰ ਵਧਾਉਂਦੀ ਹੈ, ਜੋ ਕੋਲਨ ਕੈਂਸਰ ਦੀ ਰੋਕਥਾਮ ਵਿੱਚ ਮਦਦ ਕਰਦੀ ਹੈ: ਫੋਰਟਿਸ ਮੋਹਾਲੀ ਅਧਿਐਨ

ਪੰਜਾਬ

ਮੋਹਾਲੀ, 3 ਫਰਵਰੀ, ਬੋਲੇ ਪੰਜਾਬ ਬਿਊਰੋ :

ਵਿਸ਼ਵ ਕੈਂਸਰ ਦਿਵਸ ਦੇ ਮੌਕੇ ’ਤੇ, ਫੋਰਟਿਸ ਹਸਪਤਾਲ, ਮੋਹਾਲੀ ਨੇ ਇੱਕ ਮਹੱਤਵਪੂਰਨ ਅਧਿਐਨ ਪੇਸ਼ ਕੀਤਾ, ਜਿਸ ਵਿੱਚ ਦਿਖਾਇਆ ਗਿਆ ਹੈ ਕਿ ਏਆਈ ਅਸਿਸਟਿਡ ਕੋਲੋਨੋਸਕੋਪੀ ਪੌਲੀਪ (ਟਿਸ਼ੂ ਦੇ ਉੱਭਰਦੇ ਵਾਧੇ) ਦਾ ਪਤਾ ਲਗਾਉਣ ਵਿੱਚ ਰਵਾਇਤੀ ਹਾਈ-ਡੈਫੀਨੇਸ਼ਨ ਵਹਾਇਟ ਲਾਇਟ ਕੋਲੋਨੋਸਕੋਪੀ ਨਾਲੋਂ ਵਧੀਆ ਸਾਬਿਤ ਹੋਈ। ਇਸ ਅਧਿਐਨ ਦੇ ਨਤੀਜਿਆਂ ਨੇ ਸ਼ੁਰੂਆਤੀ ਕੈਂਸਰ ਰੋਕਥਾਮ ਵਿੱਚ ਏਆਈ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕੀਤਾ, ਜਿਸ ਵਿੱਚ ਰਵਾਇਤੀ ਤਰੀਕਿਆਂ ਨਾਲੋਂ ਖੋਜ ਦਰਾਂ ਵੱਧ ਪਾਈ ਗਈ। ਏਆਈ-ਅਸਿਸਟਿਡ ਤਕਨੀਕ ਦੀ ਕੈਂਸਰ ਖੋਜ ਦਰ 55.1 ਪ੍ਰਤੀਸ਼ਤ ਸੀ, ਜਦੋਂ ਕਿ ਰਵਾਇਤੀ ਤਰੀਕਿਆਂ ਨਾਲ ਇਹ ਦਰ ਸਿਰਫ 27.3 ਪ੍ਰਤੀਸ਼ਤ ਸੀ।

ਅਧਿਐਨ ਵਿੱਚ ਨਵੰਬਰ 2022 ਤੋਂ ਦਸੰਬਰ 2024 ਦੇ ਵਿਚਕਾਰ 501 ਮਰੀਜ਼ਾਂ ਤੋਂ ਇਕੱਠੇ ਕੀਤੇ ਗਏ ਸਕ੍ਰੀਨਿੰਗ ਨਤੀਜਿਆਂ ਦੀ ਜਾਂਚ ਕੀਤੀ ਗਈ। ਇਹ ਅਧਿਐਨ ਬਿਨਾਂ ਲੱਛਣਾਂ ਵਾਲੇ ਮਰੀਜ਼ਾਂ ਦੀ ਜਾਂਚ ਦੀ ਮਹੱਤਤਾ ਨੂੰ ਵੀ ਉਜਾਗਰ ਕਰਦਾ ਹੈ, ਕਿਉਂਕਿ ਲਗਭਗ ਅੱਧੇ ਮਰੀਜ਼ਾਂ ਵਿੱਚ ਪੌਲੀਪ ਪਾਏ ਗਏ ਸਨ, ਜਿਸ ਨਾਲ ਉਨ੍ਹਾਂ ਨੂੰ ਸਮੇਂ ਸਿਰ ਹਟਾਇਆ ਜਾ ਸਕਿਆ ਅਤੇ ਕੈਂਸਰ ਦੇ ਜੋਖਮ ਨੂੰ ਘਟਾਇਆ ਜਾ ਸਕਿਆ। ਏਆਈ ਖਾਸ ਤੌਰ ’ਤੇ ਕੈਂਸਰ ਦੇ ਪਰਿਵਾਰਕ ਇਤਿਹਾਸ ਵਾਲੇ ਉੱਚ ਜੋਖਮ ਵਾਲੇ ਵਿਅਕਤੀਆਂ ਲਈ ਪ੍ਰਭਾਵਸ਼ਾਲੀ ਸਾਬਤ ਹੋਇਆ। ਇਹ ਨਤੀਜੇ ਕੋਲੋਰੈਕਟਲ ਕੈਂਸਰ ਸਕ੍ਰੀਨਿੰਗ ਵਿੱਚ ਏਆਈ ਦੀ ਸੰਭਾਵਨਾ ਨੂੰ ਮਜ਼ਬੂਤ ਕਰਦੇ ਹਨ, ਜੋ ਮਰੀਜ਼ਾਂ ਲਈ ਸਮੇਂ ਸਿਰ ਦਖਲਅੰਦਾਜ਼ੀ ਅਤੇ ਵਧੀਆ ਇਲਾਜ ਦੇ ਨਤੀਜਿਆਂ ਨੂੰ ਯਕੀਨੀ ਬਣਾਉਂਦੇ ਹਨ।

ਗਲੋਬੋਕਨ 2022 ਦੇ ਅਨੁਸਾਰ, ਕੋਲੋਰੈਕਟਲ ਕੈਂਸਰ (ਸੀਆਰਸੀ) ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦਾ ਦੂਜਾ ਪ੍ਰਮੁੱਖ ਕਾਰਨ ਹੈ ਅਤੇ ਵਿਸ਼ਵ ਪੱਧਰ ’ਤੇ ਤੀਜਾ ਸਭ ਤੋਂ ਵੱਧ ਇਲਾਜ ਕੀਤਾ ਜਾਣ ਵਾਲਾ ਕੈਂਸਰ ਹੈ। ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦੇ ਵਧ ਰਹੇ ਬੋਝ ਨੂੰ ਉਜਾਗਰ ਕਰਦੇ ਹੋਏ, ਫੋਰਟਿਸ ਹਸਪਤਾਲ, ਮੋਹਾਲੀ ਦੇ ਗੈਸਟਰੋਐਂਟਰੌਲੋਜੀ ਦੇ ਡਾਇਰੈਕਟਰ ਡਾ. ਮੋਹਨੀਸ਼ ਛਾਬੜਾ ਨਿਯਮਤ ਜਾਂਚ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਕੋਲੋਨ ਕੈਂਸਰ ਸ਼ੁਰੂਆਤੀ ਪੜਾਵਾਂ ਵਿੱਚ ਬਿਨਾਂ ਲੱਛਣਾਂ ਵਾਲਾ ਰਹਿੰਦਾ ਹੈ, ਇਸ ਲਈ ਇਸਦੀ ਰੋਕਥਾਮ ਅਤੇ ਸਮੇਂ ਸਿਰ ਹੱਲ ਲਈ ਜਾਂਚ ਜ਼ਰੂਰੀ ਹੈ।

ਅਧਿਐਨ ਬਾਰੇ ਬੋਲਦੇ ਹੋਏ, ਡਾ. ਛਾਬੜਾ ਨੇ ਕਿਹਾ ਕਿ ਕੋਲੋਨੋਸਕੋਪੀ ਪੌਲੀਪ ਦਾ ਪਤਾ ਲਗਾਉਣ ਅਤੇ ਹਟਾਉਣ ਲਈ ਸਭ ਤੋਂ ਭਰੋਸੇਮੰਦ ਸਾਧਨ ਹੈ, ਅਤੇ ਏਆਈ ਅਸਿਸਟਿਡ ਕੋਲੋਨੋਸਕੋਪੀ ਪੌਲੀਪ ਖੋਜ ਵਿੱਚ ਹਾਈ-ਡੈਫੀਨੇਸ਼ਨ ਵਹਾਈਟ ਲਾਈਟ ਕੋਲੋਨੋਸਕੋਪੀ ਨਾਲੋਂ ਕਿਤੇ ਵਧੀਆ ਪ੍ਰਦਰਸ਼ਨ ਕਰਦੀ ਹੈ, ਜਿਸ ਵਿੱਚ ਖੋਜ ਦਰ ਕਾਫ਼ੀ ਜ਼ਿਆਦਾ ਹੈ (55.1 ਪ੍ਰਤੀਸ਼ਤ ਬਨਾਮ 27.3 ਪ੍ਰਤੀਸ਼ਤ)। ਬਿਨਾਂ ਲੱਛਣਾਂ ਵਾਲੇ ਮਰੀਜ਼ਾਂ ਦੀ ਜਾਂਚ ਬਹੁਤ ਮਹੱਤਵਪੂਰਨ ਸਾਬਤ ਹੁੰਦੀ ਹੈ, ਕਿਉਂਕਿ ਲਗਭਗ 50 ਪ੍ਰਤੀਸ਼ਤ ਮਰੀਜ਼ਾਂ ਵਿੱਚ ਪੌਲੀਪ ਪਾਏ ਗਏ, ਜਿਸ ਨਾਲ ਉਨ੍ਹਾਂ ਨੂੰ ਸਮੇਂ ਸਿਰ ਹਟਾਇਆ ਜਾ ਸਕਿਆ ਅਤੇ ਕੈਂਸਰ ਦੇ ਵਧਣ ਦੇ ਜੋਖਮ ਨੂੰ ਘਟਾਇਆ ਜਾ ਸਕਿਆ। ਇਸ ਤੋਂ ਇਲਾਵਾ, ਕੈਂਸਰ ਦੇ ਪਰਿਵਾਰਕ ਇਤਿਹਾਸ ਵਾਲੇ ਮਰੀਜ਼ਾਂ ਵਿੱਚ, ਏਆਈ ਨੇ ਪੌਲੀਪ ਦੀ ਪਛਾਣ ਕਰਨ ਦੀ ਉੱਤਮ ਯੋਗਤਾ ਦਿਖਾਈ, 55.5 ਪ੍ਰਤੀਸ਼ਤ ਉੱਚ-ਜੋਖਮ ਵਾਲੇ ਮਰੀਜ਼ਾਂ ਵਿੱਚ ਪੌਲੀਪ ਦਾ ਪਤਾ ਲਗਾਇਆ ਗਿਆ, ਜਦੋਂ ਕਿ ਰਵਾਇਤੀ ਤਰੀਕਿਆਂ ਨਾਲ ਇਹ ਸਿਰਫ 2.2 ਪ੍ਰਤੀਸ਼ਤ ਸੀ। ਕੁੱਲ ਮਿਲਾ ਕੇ, ਏਆਈ-ਅਸਿਸਟਿਡ ਕੋਲੋਨੋਸਕੋਪੀ ਸ਼ੁਰੂਆਤੀ ਪਹਿਚਾਣ ਨੂੰ ਵਧੀਆ ਬਣਾਉਂਦੀ ਹੈ, ਖਾਸ ਕਰਕੇ ਉੱਚ-ਜੋਖਮ ਵਾਲੇ ਸਮੂਹਾਂ ਵਿੱਚ, ਅਤੇ ਕੋਲੋਰੈਕਟਲ ਕੈਂਸਰ ਦੀ ਰੋਕਥਾਮ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ, ਕਿਉਂਕਿ ਇਹ ਕੈਂਸਰ ਬਣਨ ਤੋਂ ਪਹਿਲਾਂ ਪੌਲੀਪ ਦੀ ਪਛਾਣ ਕਰ ਸਕਦੀ ਹੈ ਅਤੇ ਉਹਨਾਂ ਨੂੰ ਹਟਾ ਸਕਦੀ ਹੈ।

ਫੋਰਟਿਸ ਮੋਹਾਲੀ ਦੇਸ਼ ਦੇ ਪਹਿਲੇ ਹਸਪਤਾਲਾਂ ਵਿੱਚੋਂ ਇੱਕ ਹੈ ਜੋ ਏਆਈ ਅਸਿਸਟਿਡ ਕੋਲੋਨੋਸਕੋਪੀ ਪ੍ਰਦਾਨ ਕਰਦਾ ਹੈ, ਜਿਸ ਨਾਲ ਐਡੀਨੋਮਾ ਖੋਜ ਦਰਾਂ ਵਿੱਚ ਵਾਧਾ ਹੋਇਆ ਹੈ। ਡਾ. ਛਾਬੜਾ ਨੇ ਕਿਹਾ, ‘‘ਆਮ ਤੌਰ ’ਤੇ ਪੌਲੀਪਸ ਨੂੰ ਕੈਂਸਰ ਬਣਨ ਵਿੱਚ 10-15 ਸਾਲ ਲੱਗਦੇ ਹਨ। ਕੰਪਿਊਟਰ-ਏਡਿਡ ਡਿਟੈਕਸ਼ਨ ਤਕਨੀਕ ਪ੍ਰੀ-ਕੈਂਸਰ ਤੋਂ ਪਹਿਲਾਂ ਦੇ ਪੜਾਅ ’ਤੇ ਹੀ ਪੌਲੀਪਸ/ਐਡੀਨੋਮਾ ਦੀ ਪਛਾਣ ਕਰਨ ਵਿੱਚ ਮਦਦ ਕਰਦੀ ਹੈ। ਜੇਕਰ ਸਮੇਂ ਸਿਰ ਪਛਾਣ ਕੀਤੀ ਜਾਂਦੀ ਹੈ, ਤਾਂ ਪੌਲੀਪਸ ਨੂੰ ਜਲਦੀ ਹੀ ਹਟਾਇਆ ਜਾ ਸਕਦਾ ਹੈ। ਇਸ ਨਾਲ ਕੈਂਸਰ ਨੂੰ ਰੋਕਿਆ ਜਾ ਸਕਦਾ ਹੈ।

ਹਾਈ-ਡੈਫੀਨੇਸ਼ਨ ਵਹਾਈਟ ਲਾਈਟ ਕੋਲਨੋਸਕੋਪੀ ਦੀ ਇੱਕ ਚੁਣੌਤੀ ਇਹ ਹੈ ਕਿ ਇਹ ਕੁਝ ਗੈਰ-ਪੌਲੀਪਾਈਡ ਫਲੈਟ ਲੇਸ਼ੰਨਸ ਨੂੰ ਮਿਸ ਕਰ ਸਕਦੀ ਹੈ, ਜਿਸਦੇ ਨਤੀਜੇ ਵਜੋਂ ਅੰਤਰਾਲ ਵਿੱਚ ਕੈਂਸਰ ਹੋ ਸਕਦਾ ਹੈ। ਇਸ ਸਮੱਸਿਆ ਨੂੰ ਹੱਲ ਕਰਨ ਲਈ, ਕੋਲੋਨੋਸਕੋਪੀ-ਅਸਿਸਟਿਡ ਏਆਈ ਵਿਕਸਿਤ ਕੀਤਾ ਗਿਆ ਹੈ, ਜੋ ਪੌਲੀਪਸ ਦੀ ਪਛਾਣ ਦੁੱਗਣੀ ਸ਼ੁੱਧਤਾ ਨਾਲ ਕਰ ਸਕਦਾ ਹੈ ਅਤੇ ਭਵਿੱਖਬਾਣੀ ਕਰ ਸਕਦਾ ਹੈ ਕਿ ਉਹ ਸੁਭਾਵਕ ਹਨ ਜਾਂ ਕੈਂਸਰ ਵਾਲੇ, ਸੰਭਾਵੀ ਤੌਰ ’ਤੇ ਕੈਂਸਰ ਦੇ ਵਧਣ ਨੂੰ ਰੋਕਦਾ ਹੈ।

ਭਾਰਤ ਵਿੱਚ, ਕੋਲੋਰੈਕਟਲ ਕੈਂਸਰ (ਸੀਆਰਸੀ) ਛੇਵੇਂ ਸਭ ਤੋਂ ਆਮ ਕੈਂਸਰ ਦੇ ਰੂਪ ਵਿੱਚ ਦਰਜਾ ਪ੍ਰਾਪਤ ਕਰਦਾ ਹੈ, ਜੋ ਕਿ ਕੈਂਸਰ ਦੇ ਸਾਰੇ ਮਾਮਲਿਆਂ ਦਾ 5 ਪ੍ਰਤੀਸ਼ਤ ਅਤੇ ਕੁੱਲ ਕੈਂਸਰ ਮੌਤਾਂ ਦਾ 4.5 ਪ੍ਰਤੀਸ਼ਤ ਹੈ। ਭਾਰਤ ਵਿੱਚ 5 ਸਾਲਾਂ ਦੀ ਘਟਨਾ ਦਰ ਪ੍ਰਤੀ 100,000 ਵਿਅਕਤੀਆਂ ਵਿੱਚ 5.4 ਹੈ। ਮਰਦਾਂ ਵਿੱਚ, ਸੀਆਰਸੀ ਚੌਥਾ ਸਭ ਤੋਂ ਆਮ ਕੈਂਸਰ ਹੈ (6.3 ਪ੍ਰਤੀਸ਼ਤ), ਜਦੋਂ ਕਿ ਔਰਤਾਂ ਵਿੱਚ ਇਹ ਪੰਜਵਾਂ ਸਭ ਤੋਂ ਆਮ ਕੈਂਸਰ ਹੈ (3.7 ਪ੍ਰਤੀਸ਼ਤ)।

ਡਾ. ਛਾਬੜਾ ਨੇ ਦੱਸਿਆ ਕਿ ਕੋਲੋਨ ਕੈਂਸਰ ਵੱਡੀ ਆਂਦਰ – ਕੋਲਨ ਅਤੇ ਰੇਕਟਮ ਨੂੰ ਪ੍ਰਭਾਵਿਤ ਕਰਦਾ ਹੈ। ਕੋਲੋਨ ਕੈਂਸਰ ਆਮ ਤੌਰ ’ਤੇ ਇੱਕ ਪੌਲੀਪ ਹੁੰਦਾ ਹੈ ਜੋ ਕੋਲੋਨ ਦੀ ਅੰਦਰੂਨੀ ਪਰਤ ਵਿੱਚ ਪੈਦਾ ਹੁੰਦਾ ਹੈ, ਜਿਸਨੂੰ ਮਿਊਕੋਸਾ ਕਿਹਾ ਜਾਂਦਾ ਹੈ। ਉਹ ਪੌਲੀਪਸ ਜੋ ਕੈਂਸਰ ਵਿੱਚ ਬਦਲ ਜਾਂਦੇ ਹਨ, ਉਨ੍ਹਾਂ ਨੂੰ ਐਡੀਨੋਮਾ ਕਿਹਾ ਜਾਂਦਾ ਹੈ ਅਤੇ ਇਹਨਾਂ ਪੌਲੀਪਸ ਨੂੰ ਹਟਾਉਣ ਨਾਲ ਕੋਲੋਰੈਕਟਲ ਕੈਂਸਰ ਦੇ ਵਿਕਾਸ ਨੂੰ ਰੋਕਿਆ ਜਾ ਸਕਦਾ ਹੈ।

ਡਾ. ਛਾਬੜਾ ਨੇ ਅੱਗੇ ਕਿਹਾ ਕਿ ਹਾਲਾਂਕਿ ਕੋਲੋਰੈਕਟਲ ਕੈਂਸਰ ਦੇ ਮਰੀਜ਼ ਆਮ ਤੌਰ ’ਤੇ ਬਿਨਾਂ ਲੱਛਣਾਂ ਵਾਲੇ ਹੁੰਦੇ ਹਨ, ਪਰ ਕੱੁਝ ਲੱਛਣਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਅੰਤੜੀਆਂ ਦੀਆਂ ਆਦਤਾਂ ਵਿੱਚ ਹਾਲ ਹੀ ਵਿੱਚ ਆਈ ਕੋਈ ਵੀ ਤਬਦੀਲੀ, ਕਬਜ਼, ਰੇਕਟਲ ਬਲੀਡਿੰਗ ਜਾਂ ਮਲ ਵਿੱਚ ਖੂਨ ਆਉਣਾ, ਪੇਟ ਵਿੱਚ ਲਗਾਤਾਰ ਦਰਦ, ਕੜਵੱਲ, ਗੈਸ ਜਾਂ ਦਰਦ, ਕਮਜ਼ੋਰੀ ਜਾਂ ਥਕਾਵਟ, ਅਤੇ ਇਹ ਅਹਿਸਾਸ ਕਿ ਪੇਟ ਪੂਰੀ ਤਰ੍ਹਾਂ ਖਾਲੀ ਨਹੀਂ ਹੋ ਰਿਹਾ ਹੈ, ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨਾ ਜ਼ਰੂਰੀ ਹੈ।

ਸਕ੍ਰੀਨਿੰਗ ਨੂੰ ਇੱਕ ਜ਼ਰੂਰੀ ਲੋੜ ਦੱਸਦੇ ਹੋਏ, ਡਾ. ਛਾਬੜਾ ਨੇ ਕਿਹਾ ਕਿ ਕੋਲੋਨੋਸਕੋਪੀ ਹੀ ਇੱਕੋ ਇੱਕ ਪ੍ਰਕਿਰਿਆ ਹੈ ਜੋ ਪੌਲੀਪਸ ਦੀ ਪਛਾਣ ਅਤੇ ਹਟਾਉਣ ਦੀ ਆਗਿਆ ਦਿੰਦੀ ਹੈ। ਇਹਨਾਂ ਪੌਲੀਪਸ ਨੂੰ ਹਟਾਉਣ ਨਾਲ ਕੋਲੋਰੈਕਟਲ ਕੈਂਸਰ ਦੇ 90 ਪ੍ਰਤੀਸ਼ਤ ਕੇਸਾਂ ਨੂੰ ਰੋਕਿਆ ਜਾ ਸਕਦਾ ਹੈ ਅਤੇ, ਸਹੀ ਫਾਲੋ-ਅੱਪ ਨਾਲ, ਕੋਲੋਰੈਕਟਲ ਕੈਂਸਰ ਕਾਰਨ ਮੌਤ ਦੀ ਸੰਭਾਵਨਾ ਘੱਟ ਜਾਂਦੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।