ਲੁਧਿਆਣਾ: 1 ਫਰਵਰੀ,ਬੋਲੇ ਪੰਜਾਬ ਬਿਊਰੋ :
ਪੰਜਾਬ ਦੇ ਇੱਕ ਤਹਿਸੀਲਦਾਰ ਵੱਲੋਂ ਦੋ ਤਹਿਸੀਲਾਂ ਦੇ ਚਾਰਜ ਹੁੰਦਿਆਂ ਇੱਕ ਥਾਂ ਬੈਠ ਕੇ ਦੂਜੀ ਤਹਿਸੀਲ ਦੇ ਪਲਾਟਾਂ ਦੀਆਂ ਰਜਿਸਟਰੀਆਂ ਕਰ ਦਿੱਤੀਆਂ ਜਾਦੀਆਂ ਸਨ। ਮਾਲ ਵਿਭਾਗ ਨੇ ਇੱਕ ਸ਼ਿਕਾਇਤ ਦੇ ਆਧਾਰ ‘ਤੇ ਇਸ ਦੀ ਪੜਤਾਲ ਕੀਤੀ ਤਾਂ ਜਗਰਾਉਂ ਦੇ ਤਹਿਸੀਲਦਾਰ ਰਣਜੀਤ ਸਿੰਘ ਵੱਲੋਂ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਦਾ ਪਤਾ ਲੱਗਿਆ। ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਸਖਤ ਐਕਸ਼ਨ ਲੈਂਦਿਆ ਉਸ ਨੂੰ ਮੁਅੱਤਲ ਕਰ ਦਿੱਤਾ ਹੈ।
ਇਹ ਮਾਮਲਾ ਲੁਧਿਆਣੇ ਜ਼ਿਲ੍ਹੇ ਦੇ ਸ਼ਹਿਰ ਜਗਰਾਉਂ ਨਾਲ ਸੰਬੰਧਿਤ ਹੈ । ਜਗਰਾਉਂ ਦੇ ਤਹਿਸੀਲਦਾਰ ਰਣਜੀਤ ਸਿੰਘ ਨੂੰ ਪੰਜਾਬ ਸਰਕਾਰ ਨੇ ਲੁਧਿਆਣਾ ਈਸਟ ਦਾ ਵੀ ਵਾਧੂ ਚਾਰਜ ਦਿੱਤਾ ਹੋਇਆ ਸੀ। ਉਸਨੇ ਲੁਧਿਆਣਾ ਵਿੱਚ ਬੈਠ ਕੇ ਇਹ ਜਗਰਾਉਂ ਦੀਆਂ ਰਜਿਸਟਰੀਆ ਕੀਤੀਆਂ । ਜਿਸ ਦੀ ਜਾਂਚ ਰੈਵਨਿਊ ਵਿਭਾਗ ਦੇ ਪ੍ਰਮੁੱਖ ਅਧਿਕਾਰੀ ਅਨੁਰਾਗ ਵਰਮਾ ਨੇ ਕਰਵਾਈ ਜਿਸ ਵਿੱਚ ਸਿੱਧ ਹੋਇਆ ਕਿ ਉਸਨੇ 17 ਜਨਵਰੀ ਦੀ ਸ਼ਾਮ ਨੂੰ 5 ਵੱਜ ਕੇ 12 ਮਿੰਟ ‘ਤੇ ਲੁਧਿਆਣਾ ਪੂਰਬੀ ਵਿੱਚ ਰਜਿਸਟਰੀ ਕੀਤੀ ਅਤੇ ਉਸੇ ਦਿਨ 5 ਵੱਜ ਕੇ 17 ਮਿੰਟ ‘ਤੇ ਜਗਰਾਉਂ ਤਹਿਸੀਲ ਦੀ ਰਜਿਸਟਰੀ ਕੀਤੀ। ਪੜਤਾਲ ਤੋਂ ਪਤਾ ਲੱਗਿਆ ਕਿ ਜਗਰਾੳਂ ਦੀਆਂ ਰਜਿਸਟਰੀਆਂ ਇਹ ਤਹਿਸੀਲਦਾਰ ਲੁਧਿਆਣੇ ਵਿੱਚ ਬੈਠ ਕੇ ਹੀ ਕਰ ਰਿਹਾ ਸੀ। ਜਿਸ ਤੇ ਪੰਜਾਬ ਸਰਕਾਰ ਵੱਲੋਂ ਤਹਿਸੀਲਦਾਰ ਨੂੰ ਤੁਰੰਤ ਮੁਅੰਤਲ ਕਰ ਦਿੱਤਾ ਗਿਆ ਅਤੇ ਉਸਦਾ ਹੈਡ ਕੁਆਟਰ ਧਾਰ ਕਲਾਂ ਐਸਡੀਐਮ ਦਫਤਰ ਕਰ ਦਿੱਤਾ ਗਿਆ ਹੈ।