ਅਕਾਲ ਤਖ਼ਤ ਦੇ ਹੁਕਮਨਾਮੇ ਦੇ ਪਹਿਰੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਸਿੱਖ ਪੰਥ ਨਿੱਤਰੇ:- ਕੇਂਦਰੀ ਸਿੰਘ ਸਭਾ

ਚੰਡੀਗੜ੍ਹ


ਚੰਡੀਗੜ੍ਹ, 1 ਫਰਵਰੀ ,ਬੋਲੇ ਪੰਜਾਬ ਬਿਊਰੋ:

ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਅਤੇ ਹੁਕਮਨਾਮੇ ਤੋਂ ਭੱਜਣ ਵਾਲਿਆਂ ਵਿਰੁੱਧ ਡਟਵਾਂ ਸਟੈਂਡ ਲੈਣ ਵਾਲੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਖੜ੍ਹੇ ਹੋ ਕੇ ਸਿੱਖਾਂ ਨੂੰ ਆਪਣੇ ਸਿਧਾਂਤ ਅਤੇ ਵੱਖਰੀ ਪਛਾਣ ਨੂੰ ਬਚਾਉਣ ਦਾ ਲੋੜੀਂਦਾ ਉਪਰਾਲਾ ਕਰਨਾ ਚਾਹੀਦਾ ਹੈ।
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨਾਲ ਜੁੜੇ ਚਿੰਤਕਾਂ/ਬੁੱਧੀਜੀਵੀਆਂ ਨੇ ਅੱਜ ਸਾਂਝੇ ਬਿਆਨ ਵਿੱਚ ਕਿਹਾ ਕਿ 2 ਦਸੰਬਰ ਨੂੰ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਆਏ ਹੁਕਮਨਾਮੇ ਨੇ ਸਿੱਖ ਪੰਥ ਨੂੰ ਦੋ ਧੜਿਆਂ ਵਿੱਚ ਵੰਡ ਦਿੱਤਾ ਹੈ। ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਇਕ ਧਿਰ ਸਿੱਖ-ਧਾਰਾ ਨੂੰ ਮੰਨ ਰਹੀ ਹੈ ਕਿ ਜੇ ਇਹ ਹੁਕਮਨਾਮਾ ਨਾ ਮੰਨਿਆ ਗਿਆ ਤਾਂ ਸਿੱਖ ਸਿਧਾਂਤ ਅਤੇ ਸਿੱਖ ਪਛਾਣ ਦੇ ਪ੍ਰਤੀਕ ਅਕਾਲ ਤਖ਼ਤ ਸਾਹਿਬ ਦੇ ਸੰਕਲਪ ਨੂੰ ਵੱਡਾ ਖੋਰਾ ਲੱਗੇਗਾ। ਜੂਨ 1984 ਵਿੱਚ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਨੂੰ ਤਾਂ ਫੌਜ ਨੇ ਢਹਿ-ਢੇਰੀ ਕੀਤਾ ਸੀ, ਹੁਣ ਅਕਾਲ ਤਖ਼ਤ ਸਾਹਿਬ ਦੀ ਵਿਚਾਰਧਾਰਾ/ਸੰਕਲਪ/ਸਿਧਾਂਤ ਵੀ ਢਹਿ-ਢੇਰੀ ਹੋ ਜਾਣਗੇ। ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਖੜ੍ਹੇ ਹੋਣਾ, ਮੌਕਾਪ੍ਰਸਤ ਤਾਕਤਾਂ ਵੱਲੋਂ ਉਸਨੂੰ ਜਲੀਲ ਕਰਨ ਦੀ ਮੁਹਿੰਮ ਬੰਦ ਕਰਾਉਣ ਦਾ ਸਿੱਧਾ ਮਤਲਬ ਹੀ ਹੁਕਮਨਾਮੇ ਉਤੇ ਪਹਿਰਾ ਦੇਣਾ ਅਤੇ ਲਾਗੂ ਕਰਵਾਉਣਾ ਹੈ।
ਦੂਜੇ ਪਾਸੇ ਅਕਾਲ ਤਖ਼ਤ ਸਾਹਿਬ ਤੋਂ ਬਾਗੀ ਧਿਰ ਹੁਕਮਾਨਾਮੇ ਨੂੰ ਟੁਕੜਿਆਂ ਵਿੱਚ ਵੰਡ ਕੇ, ਤਿਕੜਮ-ਬਾਜ਼ੀਆਂ ਰਾਹੀਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਰਤ ਕੇ, ਅਕਾਲ ਤਖ਼ਤ ਸਾਹਿਬ ਦੇ ਇਤਿਹਾਸਕ ਫੈਸਲਿਆਂ ਨੂੰ ਲਾਗੂ ਨਹੀਂ ਹੋਣ ਦੇਣਾ ਚਾਹੁੰਦੀ। ਉਹ ਧਿਰ ਪੰਜਾਬ ਪੰਥ ਵਿਰੋਧੀ ਅਕਾਲੀ ਸਿਆਸਤ ਦੀ ਅਕਾਲ ਤਖ਼ਤ ਸਾਹਿਬ ਵੱਲੋਂ ਬੇਕਿਰਕ ਚੀਰ-ਫਾੜ ਉੱਤੇ ਪਰਦਾ-ਪੋਸ਼ੀ ਕਰਨ ਵਿੱਚ ਮਸ਼ਰੂਫ ਹੈ। ਸ਼੍ਰੋਮਣੀ ਕਮੇਟੀ ਉੱਤੇ ਕਾਬਜ਼ ਅਕਾਲੀ ਦਲ ਨੇ ਪਿਛਲੇ ਚਾਰ ਦਹਾਕਿਆਂ ਦੌਰਾਨ ਹਿੰਦੂਤਵੀ ਸਿਆਸਤ ਦਾ ਲੜ ਫੜਕੇ ਪੰਜਾਬ ਅਤੇ ਪੰਥ ਦਾ ਵੱਡਾ ਨੁਕਸਾਨ ਕੀਤਾ ਹੈ। ਹੁਣ ਵੀ ਹੁਕਮਨਾਮੇ ਤੋਂ ਭੱਜਕੇ ਇਹ ਅਕਾਲੀ ਧਿਰ ਆਪਣੇ ਹਿੰਦੂਤਵੀ ਆਕਾਵਾਂ ਨਾਲ ਪੁਰਾਣੀ ਸਾਂਝ-ਭਿਆਲੀ ਕਾਇਮ ਰੱਖਣ ਦੀ ਇੱਛਾ ਦਾ ਭਰਵਾਂ ਸਬੂਤ ਦੇ ਰਹੀ ਹੈ।
ਇਕੱਤੀ ਜਨਵਰੀ ਨੂੰ ਮਸਤੂਆਣੇ ਵਿੱਚ ਸ਼ਾਮਲ ਵੱਖੋ-ਵੱਖਰੀਆਂ ਸਿੱਖ ਧਿਰਾਂ ਨੇ ਇਕ ਸਾਂਝੇ ਮੰਚ ਉੱਤੇ ਇਕੱਠੇ ਹੋ ਕੇ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਤੋਂ ਭੱਜਣ ਵਾਲਿਆਂ ਨੂੰ “ਗੋਲੀ ਮਾਨਸਿਕਤਾ” ਵਾਲੇ ਦੱਸ ਕੇ, ਪੰਥ ਨੂੰ ਵੱਡਾ ਸੁਨੇਹਾ ਦਿੱਤਾ ਹੈ। ਜਿਸ ਉੱਤੇ ਅਮਲ ਹੋਣਾ ਚਾਹੀਦਾ ਹੈ।
ਅਸੀਂ ਸਿੱਖ ਪੰਥ ਨੂੰ ਅਪੀਲ ਕਰਦੇ ਹਾਂ ਕਿ ਇਹਨਾਂ ਨਾਜ਼ੁਕ ਘੜੀਆਂ ਵਿੱਚ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੇ ਹੱਕ ਵਿੱਚ ਨਿੱਤਰ ਕੇ, ਸਿੱਖਾਂ ਦੀ ਵਿਲੱਖਣ ਪਛਾਣ ਅਤੇ ਸਿਧਾਂਤ ਨੂੰ ਸਲਾਮਤ ਰੱਖਣ ਦੇ ਅਮਲ ਵਿੱਚ ਆਪਣਾ ਯੋਗਦਾਨ ਪਾਉਣ।
ਇਸ ਸਾਂਝੇ ਬਿਆਨ ਵਿੱਚ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ), ਪੱਤਰਕਾਰ ਜਸਪਾਲ ਸਿੰਘ ਸਿੱਧੂ, ਰਾਜਵਿੰਦਰ ਸਿੰਘ ਰਾਹੀ, ਗੁਰਪ੍ਰੀਤ ਸਿੰਘ (ਗਲੋਬਲ ਸਿੱਖ ਕੌਂਸਲ), ਸੁਰਿੰਦਰ ਸਿੰਘ ਕਿਸ਼ਨਪੁਰਾ ਅਤੇ ਡਾ. ਖੁਸ਼ਹਾਲ ਸਿੰਘ (ਜਨਰਲ ਸਕੱਤਰ) ਆਦਿ ਸ਼ਾਮਿਲ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।