ਪਟਿਆਲਾ, 31 ਜਨਵਰੀ,ਬੋਲੇ ਪੰਜਾਬ ਬਿਊਰੋ ;
ਪੰਜਾਬ ਵਿੱਚ ਚਾਈਨਾ ਡੋਰ ਦੀ ਕਾਲਾਬਾਜ਼ਾਰੀ ਸਖ਼ਤ ਪਾਬੰਦੀਆਂ ਦੇ ਬਾਵਜੂਦ ਰੁਕਣ ਦਾ ਨਾਮ ਨਹੀਂ ਲੈ ਰਹੀ। ਹਾਲਾਂਕਿ ਚਾਈਨਾ ਡੋਰ ਕਾਰਨ ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਕਈ ਜ਼ਖ਼ਮੀ ਵੀ ਹੋਏ ਹਨ। ਕਈ ਲੋਕ ਪੈਸਿਆਂ ਦੇ ਲਾਲਚ ਵਿੱਚ ਇਹ ਖ਼ਤਰਨਾਕ ਡੋਰ ਵੇਚਣ ਤੋਂ ਬਾਜ਼ ਨਹੀਂ ਆ ਰਹੇ।
ਇਹੋ ਜਿਹਾ ਹੀ ਇੱਕ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਹੈ।ਇੱਥੇ ਪੋਲੋ ਗ੍ਰਾਊਂਡ ਵਿਖੇ ਇੱਕ ਕੋਲਡ ਡ੍ਰਿੰਕ ਦੀ ਦੁਕਾਨ ’ਤੇ ਚਾਈਨਾ ਡੋਰ ਵੇਚੀ ਜਾ ਰਹੀ ਸੀ। ਇਸ ਬਾਰੇ ਜਾਣਕਾਰੀ ਮਿਲਣ ’ਤੇ ਥਾਣਾ ਨੰਬਰ 2 ਦੀ ਪੁਲਿਸ ਨੇ ਦੁਕਾਨ ’ਤੇ ਛਾਪਾ ਮਾਰਿਆ ਅਤੇ ਉਥੋਂ 20 ਬੈਗ ਖ਼ਤਰਨਾਕ ਚਾਈਨਾ ਡੋਰ ਬਰਾਮਦ ਕੀਤੀ।
ਉਕਤ ਦੁਕਾਨਦਾਰ ਦੀ ਪਹਿਚਾਣ ਅਮਨਜੋਤ ਵਾਸੀ ਤੋਪਖ਼ਾਨਾ ਮੋੜ, ਪਟਿਆਲਾ ਵਜੋਂ ਹੋਈ ਹੈ, ਜੋ ਆਪਣੀ ਕੋਲਡ ਡ੍ਰਿੰਕ ਦੀ ਦੁਕਾਨ ’ਤੇ ਚਾਈਨਾ ਡੋਰ ਵੇਚ ਰਿਹਾ ਸੀ। ਪੁਲਿਸ ਨੇ ਉਸ ਨੂੰ 20 ਗੱਟੂਆਂ ਸਮੇਤ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਅਤੇ ਮਾਮਲੇ ਦੀ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।