ਪੇਪਰਾਂ ਦੇ ਤਿਆਰੀ ਦੇ ਦਿਨਾਂ ਵਿੱਚ ਹੋਰਨਾਂ ਕੰਮਾਂ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਉਲਝਾਉਣਾ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ- ਡੀ.ਟੀ.ਐੱਫ

ਚੰਡੀਗੜ੍ਹ

ਬੇਲੋੜੇ ਗੈਰ ਵਿੱਦਿਅਕ ਕੰਮਾਂ ਨੂੰ ਬੰਦ ਕਰਕੇ ਵਿਦਿਆਰਥੀਆਂ ਨੂੰ ਪੜ੍ਹਨ ਦਿੱਤਾ ਜਾਵੇ

ਚੰਡੀਗੜ੍ਹ,29 ਜਨਵਰੀ ,ਬੋਲੇ ਪੰਜਾਬ ਬਿਊਰੋ :

ਇਹਨਾਂ ਦਿਨਾਂ ਵਿੱਚ ਜਦੋਂ ਵਿਦਿਆਰਥੀ ਦੇ ਸਲਾਨਾ ਪ੍ਰੀਖਿਆਵਾਂ ਦੀ ਤਿਆਰੀ ਚੱਲ ਰਹੀ ਹੈ ਉਸ ਸਮੇਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਵਿਸ਼ਿਆਂ ਦੇ ਸੈਮੀਨਾਰਾਂ, ਪ੍ਰਦਰਸ਼ਨੀਆਂ, ਬਿਜਨਸ ਬਲਾਸਟਰ ਮੇਲਿਆਂ ਅਤੇ ਅਪਾਰ ਆਈ ਡੀਜ਼ ਵਰਗੇ ਗੈਰ ਵਿੱਦਿਅਕ ਕੰਮਾਂ ਵਿੱਚ ਉਲਝਾਉਣਾ ਵਿਦਿਆਰਥੀਆਂ ਦੇ ਭਵਿੱਖ ਨਾਲ ਵੱਡੇ ਖਿਲਵਾੜ ਦੇ ਸਮਾਨ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਨੇ ਕਿਹਾ ਕਿ ਜਨਵਰੀ ਫਰਵਰੀ ਦੇ ਮਹੀਨੇ ਵਿਦਿਆਰਥੀ ਅਤੇ ਅਧਿਆਪਕਾਂ ਲਈ ਅਹਿਮ ਹੁੰਦੇ ਹਨ। ਇਹਨਾਂ ਦਿਨਾਂ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਪੂਰੇ ਸਾਲ ਦੀ ਕੀਤੀ ਹੋਈ ਮਿਹਨਤ ਨੂੰ ਇੱਕ ਟੀਚੇ ਵੱਲ ਕੇਂਦਰਤ ਕਰਕੇ ਸਫਲਤਾ ਪ੍ਰਾਪਤ ਕਰਨੀ ਹੁੰਦੀ ਹੈ।ਪਰ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਦੇ ਸੈਮੀਨਾਰ, ਵੱਖ ਵੱਖ ਵਿਸ਼ਿਆਂ ਦੀਆਂ ਪ੍ਰਦਰਸ਼ਨੀਆਂ, ਅਪਾਰ ਆਈਡੀਜ਼ ਬਣਾਉਣ ਅਤੇ ਬਿਜਨੈਸ ਬਲਾਸਟਰ ਦੇ ਮੇਲੇ ਲਵਾ ਕੇ ਪੜ੍ਹਾਈ ਲਈ ਅਹਿਮ ਦਿਨਾਂ ਵਿੱਚ ਉਹਨਾ ਨੂੰ ਉਲਝਾ ਕੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਇਸ ਸਮੇਂ ਅਫ਼ਰਾਤਫ਼ਰੀ ਦਾ ਮਾਹੌਲ ਬਣਾਇਆ ਹੋਇਆ ਹੈ। ਪਹਿਲਾਂ ਚੋਣ ਡਿਊਟੀਆਂ, ਬੀ ਐੱਲ ਓ ਡਿਊਟੀਆਂ ਅਤੇ ਹੋਰ ਗੈਰ ਵਿੱਦਿਅਕ ਕੰਮਾਂ ਕਾਰਣ ਅਧਿਆਪਕਾਂ ਨੂੰ ਵਿਦਿਆਰਥੀਆਂ ਤੋਂ ਦੂਰ ਰੱਖਿਆ ਗਿਆ ਜਿਸ ਕਾਰਣ ਇਸ ਸਾਲ ਅਨੇਕਾਂ ਅਧਿਆਪਕ ਆਪਣੇ ਨਿਰਧਾਰਤ ਸਿਲੇਬਸ ਪੂਰੇ ਨਹੀਂ ਕਰ ਸਕੇ ਅਤੇ ਹੁਣ ਪੇਪਰਾਂ ਦੇ ਦਿਨਾਂ ਵਿੱਚ ਵੀ ਅਨੇਕਾਂ ਗੈਰ ਵਿੱਦਿਅਕ ਕੰਮਾਂ ਦੀ ਬਹੁਤਾਤ ਨੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਵੱਡੇ ਪੱਧਰ ਤੇ ਨੁਕਸਾਨ ਕੀਤਾ ਹੈ। ਪੰਜਾਬ ਦੇ ਸਿੱਖਿਆ ਵਿਭਾਗ ਦੀ ਸਭ ਤੋਂ ਵੱਡੀ ਨਾਕਾਮੀ ਇਹ ਹੈ ਕਿ ਇਸ ਵੱਲੋਂ ਕੋਈ ਵਿੱਦਿਅਕ ਕੈਲੰਡਰ ਨਹੀਂ ਜਾਰੀ ਕੀਤਾ ਜਾਂਦਾ। ਵੱਖ ਵੱਖ ਵਿਭਾਗਾਂ ਵੱਲੋਂ ਸਕੂਲਾਂ ਨੂੰ ਗਤੀਵਿਧੀਆਂ ਕਰਾਉਣ ਦੇ ਬੇਮੌਸਮੀ ਹੁਕਮ ਚਾੜ੍ਹੇ ਜਾਂਦੇ ਹਨ ਜਿੰਨ੍ਹਾਂ ਦਾ ਨੁਕਸਾਨ ਵਿਦਿਆਰਥੀਆਂ ਦੀ ਪੜ੍ਹਾਈ ਦੇ ਰੂਪ ਵਿੱਚ ਹੁੰਦਾ ਹੈ।ਡੀ ਟੀ ਐੱਫ ਦੇ ਮੀਤ ਪ੍ਰਧਾਨਾਂ ਰਾਜੀਵ ਬਰਨਾਲਾ, ਜਗਪਾਲ ਬੰਗੀ, ਗੁਰਪਿਆਰ ਕੋਟਲੀ, ਬੇਅੰਤ ਫੂਲੇਵਾਲਾ, ਹਰਜਿੰਦਰ ਵਡਾਲਾ ਬਾਂਗਰ ਅਤੇ ਰਘਵੀਰ ਭਵਾਨੀਗੜ੍ਹ, ਸੰਯੁਕਤ ਸਕੱਤਰਾਂ ਮੁਕੇਸ਼ ਕੁਮਾਰ, ਕੁਲਵਿੰਦਰ ਜੋਸ਼ਨ ਅਤੇ ਜਸਵਿੰਦਰ ਔਜਲਾ, ਪ੍ਰੈੱਸ ਸਕੱਤਰ ਪਵਨ ਕੁਮਾਰ, ਸਹਾਇਕ ਵਿੱਤ ਸਕੱਤਰ ਤਜਿੰਦਰ ਸਿੰਘ ਅਤੇ ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਨੇ ਮੰਗ ਕੀਤੀ ਸਿੱਖਿਆ ਵਿਭਾਗ ਸਾਲ ਦੇ ਸ਼ੁਰੂ ਵਿੱਚ ਵਿੱਦਿਅਕ ਕੈਲੰਡਰ ਜਾਰੀ ਕਰੇ ਅਤੇ ਪੜ੍ਹਾਈ ਲਈ ਅਹਿਮ ਦਿਨਾਂ ਵਿੱਚ ਇਹਨਾਂ ਗੈਰ ਵਿਦਿਅਕ ਕੰਮਾਂ, ਸੈਮੀਨਾਰਾਂ, ਬੇਲੋੜੀਆਂ ਕਿਰਿਆਵਾਂ ਅਤੇ ਮੇਲਿਆਂ ਨੂੰ ਬੰਦ ਕਰਕੇ ਵਿਦਿਆਰਥੀਆਂ ਨੂੰ ਪੜ੍ਹਨ ਦਿੱਤਾ ਜਾਵੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।