ਵਧ ਰਿਹਾ ਤਾਪਮਾਨ ਕਣਕ ਦੀ ਫ਼ਸਲ ਲਈ ਚੰਗਾ ਨਹੀਂ, ਝਾੜ ਘਟਣ ਦਾ ਖ਼ਦਸ਼ਾ

ਚੰਡੀਗੜ੍ਹ


ਚੰਡੀਗੜ੍ਹ, 29 ਜਨਵਰੀ,ਬੋਲੇ ਪੰਜਾਬ ਬਿਊਰੋ :
ਜਨਵਰੀ ’ਚ ਵਧ ਰਹੀ ਗ਼ਰਮੀ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੀ ਹੈ। ਇਸ ਸਾਲ ਜਨਵਰੀ ਮਹੀਨੇ ’ਚ ਹੀ ਪੰਜਾਬ ਦਾ ਤਾਪਮਾਨ 27 ਡਿਗਰੀ ਸੈਲਸੀਅਸ ਦੇ ਪਾਰ ਪਹੁੰਚ ਗਿਆ ਹੈ। ਰਾਤ ਦਾ ਤਾਪਮਾਨ ਵੀ ਘਟ-ਵਧ ਰਿਹਾ ਹੈ। ਵਧ ਰਿਹਾ ਤਾਪਮਾਨ ਕਣਕ ਦੀ ਫ਼ਸਲ ਲਈ ਚੰਗਾ ਨਹੀਂ ਹੈ। ਜੇਕਰ ਤਾਪਮਾਨ ’ਚ ਵਾਧਾ ਹੋਇਆ ਤਾਂ ਇਸ ਨਾਲ ਕਣਕ ਦੀ ਫ਼ਸਲ ਨੁਕਸਾਨੀ ਜਾਵੇਗੀ। ਕਣਕ ਦਾ ਦਾਣਾ ਸੁੰਗੜ ਜਾਵੇਗਾ ਅਤੇ ਝਾੜ ਵੀ ਘੱਟ ਨਿੱਕਲੇਗਾ। ਫ਼ਿਲਹਾਲ ਅਜੇ ਰਾਤ ਦੀ ਠੰਡ ਕੁੱਝ ਰਾਹਤ ਪ੍ਰਦਾਨ ਕਰ ਰਹੀ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਕ ਦੋ ਦਿਨਾਂ ’ਚ ਮੀਂਹ ਪੈਣ ਦੀ ਸੰਭਾਵਨਾ ਹੈ। ਜੇਕਰ ਮੀਂਹ ਪੈਂਦਾ ਹੈ ਤਾਂ ਦਿਨ ਦਾ ਮੌਸਮ ਵੀ ਠੰਡਾ ਹੋ ਜਾਵੇਗਾ ਨਹੀਂ ਤਾਂ ਫ਼ਰਵਰੀ ਦੇ ਪਹਿਲੇ ਹਫ਼ਤੇ ਬਾਅਦ ਵਧਣ ਵਾਲੀ ਗ਼ਰਮੀ ਕਣਕ ਦੀ ਫ਼ਸਲ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਕਾਰਨ ਕਿਸਾਨ ਵੀ ਚਿੰਤਤ ਨਜ਼ਰ ਆ ਰਹੇ ਹਨ। ਖੇਤੀ ਮਾਹਰ ਡਾ. ਬਲਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਫ਼ਿਲਹਾਲ ਫ਼ਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਰਾਤ ਦਾ ਤਾਪਮਾਨ ਅਜੇ ਵੀ ਔਸਤਨ ਠੀਕ ਚੱਲ ਰਿਹਾ ਹੈ। ਇਹ ਛੇ ਤੋਂ ਅੱਠ ਡਿਗਰੀ ਦੇ ਵਿਚਕਾਰ ਹੈ। ਪਹਾੜਾਂ ਉੱਪਰ ਮੀਂਹ ਪੈਣ ਦੀ ਸੰਭਾਵਨਾ ਬਣ ਰਹੀ ਹੈ। ਇਸਦਾ ਅਸਰ ਨਿਸ਼ਚਤ ਤੌਰ ’ਤੇ ਮੈਦਾਨੀ ਇਲਾਕਿਆਂ ’ਤੇ ਵੀ ਪਵੇਗਾ। ਦੱਸ ਦੇਈਏ ਕਿ ਪੰਜਾਬ ਹਰ ਸਾਲ 120 ਤੋਂ 130 ਲੱਖ ਟਨ ਦੀ ਕਣਕ ਕੇਂਦਰੀ ਭੰਡਾਰਣ ਲਈ ਦਿੰਦਾ ਹੈ। ਇਸ ਸਾਲ ਸੂਬੇ ਅੰਦਰ ਲੱਖ ਹੈਕਟੇਅਰ ਰਕਬੇ ’ਚ ਕਣਕ ਦੀ ਬਿਜਾਈ ਕੀਤੀ ਗਈ ਹੈ ਪਰ ਕਿਸਾਨਾਂ ਨੂੰ ਮੌਸਮ ਦੀ ਮਾਰ ਦਾ ਡਰ ਸਤਾ ਰਿਹਾ ਹੈ। ਪਿਛਲੇ ਦੋ ਸਾਲਾਂ ਤੋਂ ਮੌਸਮ ਅੰਦਰ ਕਾਫ਼ੀ ਤਬਦੀਲੀ ਹੋ ਰਹੀ ਹੈ। ਸਾਲ 2023 ਅਤੇ 24 ’ਚ ਕਣਕ ਦੀ ਪੈਦਾਵਾਰ ’ਚ ਕਮੀ ਆਈ ਸੀ ਕਿਉਂਕਿ ਫ਼ਰਵਰੀ ਮਹੀਨੇ ’ਚ ਤਾਪਮਾਨ ਵਧ ਗਿਆ ਸੀ। ਇਸ ਵਾਰ ਫਿਰ ਜਨਵਰੀ ’ਚ ਗ਼ਰਮੀ ਵਧਣ ਕਰਕੇ ਕਣਕ ਦੀ ਫ਼ਸਲ ਉੱਪਰ ਖ਼ਤਰਾ ਮੰਡਰਾਉਣ ਲੱਗਾ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।