ਆਗੂਆਂ ਨੇ ਇਸ ਘਿਨਾਉਣੀ ਹਰਕਤ ਤੇ ਪੁਰਜੋਰ ਨਿੰਦਿਆ ਕਰਦੇ ਸਰਕਾਰ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ
ਪ੍ਰਤਿਮਾ ਤੋੜਨ ਵਰਗੇ ਘਿਨਾਉਣੇ ਪਾਪ ਨੇ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ: ਕੁੰਭੜਾ
ਮੋਹਾਲੀ, 27 ਜਨਵਰੀ,ਬੋਲੇ ਪੰਜਾਬ ਬਿਊਰੋ :
ਇੱਕ ਪਾਸੇ ਕੱਲ ਪੂਰੇ ਦੇਸ਼ ਵਿੱਚ 76ਵਾਂ ਗਣਤੰਤਰਤਾ ਦਿਵਸ ਮਨਾਇਆ ਜਾ ਰਿਹਾ ਸੀ ਕਿਉਂਕਿ ਕੱਲ ਦੇ ਦਿਨ ਭਾਰਤ ਵਿੱਚ ਸੰਵਿਧਾਨ ਲਾਗੂ ਹੋਇਆ ਸੀ। ਦੂਜੇ ਪਾਸੇ ਇਕ ਅਕਾਸ਼ ਸਿੰਘ ਨਾਂ ਦੇ ਨੌਜਵਾਨ ਨੇ ਪੌੜੀ ਲਗਾ ਕੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਨੂੰ ਹੱਥ ‘ਚ ਹਥੌੜਾ ਫੜ੍ਹ ਕੇ ਤੋੜਨ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਕਾਰਨ ਦਲਿਤ ਸਮਾਜ ‘ਚ ਭਾਰੀ ਰੋਸ ਦੇਖਿਆ ਜਾ ਰਿਹਾ ਹੈ। ਪੁਲਸ ਟੀਮ ਨੇ ਮੌਕੇ ‘ਤੇ ਪੁੱਜਕੇ ਉਕਤ ਨੌਜਵਾਨ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਪ੍ਰਤਿਮਾ ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ‘ਤੇ ਲੱਗੀ ਹੋਈ ਹੈ। ਇਹੀ ਨਹੀਂ, ਇਸ ਨੌਜਵਾਨ ਨੇ ਸੰਵਿਧਾਨ ਦੀ ਕਾਪੀ ਨੂੰ ਵੀ ਅੱਗ ਲਗਾਈ। ਇਸ ਮਾਮਲੇ ਵਿੱਚ ਐਸਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ ਸੱਤ ਦੀਆਂ ਲਾਈਟਾਂ ਤੇ ਚੱਲ ਰਹੇ ‘ਰਿਜ਼ਰਵੇਸ਼ਨ ਚੋਰ ਫੜੋ ਮੋਰਚੇ’ ਤੇ ਪ੍ਰੈਸ ਕਾਨਫਰੰਸ ਕਰਕੇ ਇਸ ਘਟਨਾ ਖ਼ਿਲਾਫ਼ ਰੋਸ ਪ੍ਰਗਟ ਕੀਤਾ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉੱਘੇ ਸਮਾਜ ਸੇਵੀ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਜੀ ਦੀ ਪ੍ਰਤਿਮਾ ਨੂੰ ਤੋੜਨਾ ਇੱਕ ਮੰਦਭਾਗੀ ਘਟਨਾ ਹੈ। ਮੂਰਤੀ ਤੋੜਨ ਵਾਲਾ ਸ਼ਖਸ ਕੋਈ ਵੀ ਹੋਵੇ, ਉਸ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ ਇਸ ਨੇ ਪੰਜਾਬ ਅੰਦਰ ਭਾਈਚਾਰਕ ਸਾਂਝ ਤੋੜਨ ਦੀ ਕੋਸ਼ਿਸ਼ ਕੀਤੀ ਹੈ।
ਇਸ ਸਮੇਂ ਮੋਰਚੇ ਦੀ ਸੀਨੀਅਰ ਆਗੂ ਅਮਨਪ੍ਰੀਤ ਕੌਰ ਰਾਏ ਨੇ ਕਿਹਾ ਕਿ ਮੂਰਤੀ ਤੋੜਨ ਵਰਗੇ ਘਿਨਾਉਣੇ ਕੰਮਾਂ ਨੇ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਮੈਂ ਇਸ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹਾਂ ਤੇ ਸਰਕਾਰ ਤੋਂ ਮੰਗ ਕਰਦੀ ਹਾਂ ਕਿ ਇਸ ਸ਼ਖਸ ਜਾਂ ਇਸ ਕਾਰਵਾਈ ਨੂੰ ਅੰਜਾਮ ਦੇਣ ਪਿੱਛੇ ਹੋਰ ਲੋਕਾਂ ਦਾ ਪਰਦਾਫਾਸ਼ ਕਰਕੇ ਉਸਨੂੰ ਕਾਨੂੰਨੀ ਤੌਰ ਤੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।
ਇਸ ਮੌਕੇ ਯੂਥ ਲੀਡਰ ਤੇ ਬਸਪਾ ਦੇ ਆਗੂ ਡਾ. ਰੀਤੂ ਸਿੰਘ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਲੰਬੇ ਹੱਥੀਂ ਲੈਂਦਿਆ ਕਿਹਾ ਕਿ ਇਹ ਸਾਰਾ ਏਜੰਸੀਆਂ ਦਾ ਰਚਿਆ ਗਿਆ ਛੜਯੰਤਰ ਹੈ, ਉਹਨਾਂ ਨੂੰ ਪੰਜਾਬ ਦਾ ਭਾਈਚਾਰਾ ਹਜਮ ਨਹੀਂ ਹੋ ਰਿਹਾ। ਅਸੀਂ ਮੋਰਚੇ ਵੱਲੋਂ ਇਹ ਐਲਾਨ ਕਰਦੇ ਹਾਂ ਕਿ ਇਸ ਦੇ ਵਿਰੁੱਧ ਬਹੁਤ ਵੱਡਾ ਸੰਘਰਸ਼ ਵਿੱਡਿਆ ਜਾਵੇਗਾ।
ਇਸ ਪ੍ਰੈਸ ਕਾਨਫਰੰਸ ਵਿੱਚ ਮੋਰਚੇ ਦੇ ਸੀਨੀਅਰ ਆਗੂ ਹਰਨੇਕ ਸਿੰਘ ਮਲੋਆ, ਪ੍ਰਿੰਸੀਪਲ ਬਨਵਾਰੀ ਲਾਲ, ਹਰਚੰਦ ਸਿੰਘ ਜਖਵਾਲੀ, ਰਿਸ਼ੀ ਰਾਜ ਮਹਾਰ ਨੇ ਵੀ ਸੰਬੋਧਨ ਕੀਤਾ ਤੇ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ।
ਇਸ ਮੌਕੇ ਗਜਿੰਦਰ ਸਿੰਘ, ਪ੍ਰੋਫੈਸਰ ਗੁਲਾਬ ਸਿੰਘ, ਮਨਜੀਤ ਸਿੰਘ, ਵਿਜੇੰਦਰ ਕੁਮਾਰ, ਪ੍ਰਧਾਨ ਦੌਲਤ ਰਾਮ, ਸਨੋਜ ਕੁਮਾਰ, ਛੋਟੇ ਲਾਲ, ਸਤੀਸ਼ ਕੁਮਾਰ, ਸੌਰਵ ਕੁਮਾਰ, ਸੀਮਾ ਦੇਵੀ, ਸੰਤੋਸ਼ ਦੇਵੀ, ਜੈਲੀ ਸ਼ਾਮਪੁਰ, ਪ੍ਰਭਸ਼ਰਨ ਸਿੰਘ, ਜਗਦੀਪ ਸਿੰਘ, ਸੁਰਜੀਤ ਸਿੰਘ, ਬੰਟੀ ਕੁੰਭੜਾ ਮਮਤਾ, ਸੁਰਿੰਦਰ ਸਿੰਘ ਆਦਿ ਹਾਜ਼ਰ ਹੋਏ।