ਔਰਤ ਆਗੂਆਂ ਨੇ ਤਾਲਾ ਤੋੜ ਕੇ ਦਰ ਦਰ ਦੀਆਂ ਠੋਕਰਾਂ ਖਾ ਰਹੀ ਬਜ਼ੁਰਗ ਔਰਤ ਨੂੰ ਘਰ ਵਿੱਚ ਕਰਵਾਇਆ ਪ੍ਰਵੇਸ਼
ਜਲੰਧਰ,27 ਜਨਵਰੀ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ)
ਇਸਤਰੀ ਜਾਗ੍ਰਿਤੀ ਮੰਚ ਵਲੋਂ ਕਮਿਸ਼ਨਰੇਟ ਪੁਲਿਸ ਦੇ ਥਾਣਾ ਭਾਰਗੋ ਕੈਂਪ ਪੁਲਿਸ ਦੁਆਰਾ ਬਜ਼ੁਰਗ ਔਰਤ ਕੁਲਦੀਪ ਕੌਰ ਪਤਨੀ ਤਰਸੇਮ ਸਿੰਘ ਵਾਸੀ ਨਿਊ ਦਸਮੇਸ਼ ਨਗਰ ਥਾਣਾ ਭਾਰਗੋਂ ਕੈਂਪ ਜਲੰਧਰ ਦੇ ਮਾਲਕੀ ਘਰ ਉੱਪਰ ਰਾਤ ਦੇ ਹਨ੍ਹੇਰੇ ਵਿੱਚ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਖਿਲਾਫ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਨਾ ਕਰਨ ਅਤੇ ਪੁਲਿਸ ਵਲੋਂ ਪੀੜਤ ਪਰਿਵਾਰ ਦੀ ਕੀਤੀ ਜਾ ਰਹੀ ਖੱਜਲਖੁਆਰੀ ਦੇ ਰੋਸ ਵਜੋਂ ਅੱਜ ਗਣਤੰਤਰ ਦਿਵਸ ਮੌਕੇ ਕਾਲ਼ੇ ਝੰਡਿਆਂ ਨਾਲ ਪ੍ਰਦਰਸ਼ਨ ਕੀਤਾ ਗਿਆ।
ਇਸਤਰੀ ਜਾਗ੍ਰਿਤੀ ਮੰਚ ਦੀ ਅਗਵਾਈ ਹੇਠ ਔਰਤਾਂ ਜਿਉਂ ਹੀ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਹੱਥਾਂ ਵਿੱਚ ਕਾਲ਼ੇ ਝੰਡੇ ਲੈ ਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਲਈ ਰਵਾਨਾ ਹੋਣ ਲੱਗੀਆਂ ਤਾਂ ਕਮਿਸ਼ਨਰੇਟ ਪੁਲਿਸ ਦੇ ਅਧਿਕਾਰੀ ਹਰਕਤ ਵਿੱਚ ਆਏ ਅਤੇ ਇਸਤਰੀ ਆਗੂਆਂ ਨਾਲ ਏਸੀਪੀ ਬਰਜਿੰਦਰ ਸਿੰਘ,ਏਸੀਪੀ ਨਿਰਮਲ ਸਿੰਘ ਅਤੇ ਐੱਸ ਐੱਚ ਓ ਡਵੀਜ਼ਨ ਨੰਬਰ 4 ਵਲੋਂ ਕਈ ਦੌਰ ਦੀ ਗੱਲਬਾਤ ਉਪਰੰਤ ਆਖ਼ਰ ਪੁਲਿਸ ਨੂੰ ਥਾਣਾ ਭਾਰਗੋ ਕੈਂਪ ਵਿਖੇ ਮੁਕੱਦਮਾ ਨੰਬਰ 17 ਮਿਤੀ 26.01.2025 ਦਰਜ ਕਰਕੇ ਕਸੂਰਵਾਰਾਂ ਨੂੰ ਹਿਰਾਸਤ ਲੈਣਾ ਪਿਆ ਤਾਂ ਜਾ ਕੇ ਔਰਤਾਂ ਸ਼ਾਂਤ ਹੋਈਆਂ।
ਪ੍ਰਦਰਸ਼ਨ ਉਪਰੰਤ ਔਰਤ ਆਗੂਆਂ ਨੇ ਕਈ ਮਹੀਨਿਆਂ ਤੋਂ ਦਰ ਦਰ ਦੀਆਂ ਠੋਕਰਾਂ ਖਾ ਰਹੀ ਪੀੜਤ ਬਜ਼ੁਰਗ ਔਰਤ ਨੂੰ ਤਾਲਾ ਤੋੜ ਕੇ ਉਸ ਨੂੰ ਪਰਿਵਾਰ ਸਮੇਤ ਉਸਦੇ ਘਰ ਵਿੱਚ ਪ੍ਰਵੇਸ਼ ਕਰਵਾਇਆ ਗਿਆ।
ਇਸ ਸਮੇਂ ਇਸਤਰੀ ਜਾਗ੍ਰਿਤੀ ਮੰਚ ਦੀ ਸੂਬਾਈ ਪ੍ਰੈੱਸ ਸਕੱਤਰ ਜਸਵੀਰ ਕੌਰ ਜੱਸੀ ਅਤੇ ਜ਼ਿਲ੍ਹਾ ਆਗੂ ਮੈਡਮ ਨਿਰਮਲਜੀਤ ਕੌਰ ਨੇ ਕਿਹਾ ਕਿ ਦੇਸ਼ ਅੰਦਰ ਗਣਤੰਤਰ ਨਹੀਂ ਲੁਟੇਰਾ,ਲੋਕ ਵਿਰੋਧੀ ਤੰਤਰ ਹੈ।ਆਮ ਲੋਕਾਂ ਨੂੰ ਇਨਸਾਫ਼ ਲੈਣ ਲਈ ਸੜਕਾਂ ਉੱਤੇ ਆਉਣਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਗਸਤ 2024 ਨੂੰ 76 ਸਾਲਾਂ ਬਜ਼ੁਰਗ ਔਰਤ ਕੁਲਦੀਪ ਪਤਨੀ ਤਰਸੇਮ ਸਿੰਘ ਨੇ ਪੁਲਿਸ ਕਮਿਸ਼ਨਰ ਨੂੰ ਲਿਖ਼ਤੀ ਦਰਖ਼ਾਸਤ ਦੇ ਕੇ ਦੱਸਿਆ ਕਿ 95-ਡੀ ਨਿਊ ਦਸਮੇਸ਼ ਨਗਰ ਜਲੰਧਰ ਵਿਖੇ ਉਸਦਾ ਮਾਲਕੀ ਘਰ ਹੈ। ਜਿਸਦੀ ਰਜਿਸਟਰੀ ਵੀ ਉਸਦੇ ਨਾਂ ਪਰ ਹੈ। ਉਸਦੇ ਪੰਜ ਬੱਚੇ ਹਨ। ਉਹਨਾਂ ਦਾ ਵੱਡਾ ਲੜਕਾ ਪਰਮਜੀਤ ਸਿੰਘ ਅਤੇ ਉਸਦੀ ਪਤਨੀ ਉਹਨਾਂ ਦੇ ਕਹਿਣੇਕਾਰ ਵਿੱਚ ਨਹੀਂ ਸਨ ਅਤੇ ਨਾ ਹੀ ਉਹ ਉਹਨਾਂ ਦੀ ਬੁਢਾਪੇ ਵਿੱਚ ਬਣਦੀ ਸੇਵਾ ਸੰਭਾਲ਼ ਕਰਦੇ ਸਨ।ਜਿਸ ਕਾਰਨ ਦਸੰਬਰ 2022 ਦੌਰਾਨ ਉਹਨਾਂ ਨੂੰ ਬੇਦਖ਼ਲ ਕਰ ਦਿੱਤਾ ਗਿਆ ਸੀ। ਮਿਤੀ 25 ਜੁਲਾਈ 2024 ਦੀ ਰਾਤ 12 ਵਜੇ ਉਹਨਾਂ ਦਾ ਲੜਕਾ ਪਰਮਜੀਤ ਸਿੰਘ,ਉਸਦੀ ਪਤਨੀ ਅਤੇ ਕੁੱਝ ਹੋਰ ਲੋਕਾਂ ਨੇ ਉਹਨਾਂ ਦੇ ਉਕਤ ਘਰ ਦੇ ਤਾਲੇ ਤੋੜ ਕੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਵਲੋਂ ਵਿਰੋਧ ਕਰਨ ‘ਤੇ ਉਹ ਮੌਕੇ ਤੋਂ ਦੌੜ ਗਏ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਗਏ ਅਤੇ ਉਹ ਉਹਨਾਂ ਨੂੰ ਬੁਢਾਪੇ ਵਿੱਚ ਵੀ ਅਮਨ ਚੈਨ ਨਾਲ ਜ਼ਿੰਦਗੀ ਜਿਊਣ ਨਹੀਂ ਦੇ ਰਹੇ ਅਤੇ ਉਹਨਾਂ ਦੇ ਘਰ ਉੱਪਰ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਸ ਦਿਨ ਤੋਂ ਉਹਨਾਂ ਨੂੰ ਉਹਨਾਂ ਦੇ ਆਪਣੇ ਮਾਲਕੀ ਘਰ ਵਿੱਚ ਦਾਖ਼ਲ ਵੀ ਨਹੀਂ ਹੋਣ ਦੇ ਰਹੇ ਸਨ।
ਔਰਤ ਆਗੂਆਂ ਨੇ ਕਿਹਾ ਕਿ ਅਗਸਤ ਮਹੀਨੇ ਤੋਂ ਭਾਰਗੋ ਕੈਂਪ ਥਾਣੇ ਤੋਂ ਲੈ ਕੇ ਸੀਪੀ ਦਫ਼ਤਰ ਤੱਕ ਧੱਕੇ ਖਾਣ ਉਪਰੰਤ ਵੀ ਪੀੜਤ ਪਰਿਵਾਰ ਨੂੰ ਵਾਅਦਿਆਂ ਦੇ ਬਾਵਜੂਦ ਨਿਆਂ ਦੇਣ ਲਈ ਪੁਲਿਸ ਤੰਤਰ ਤਿਆਰ ਨਹੀਂ ਹੋ ਰਿਹਾ ਸੀ। ਭਾਰਗੋ ਕੈਂਪ ਪੁਲਿਸ ਸਿਆਸੀ ਦਬਾਅ ਕਾਰਨ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਨਹੀਂ ਕਰ ਰਹੀ ਸੀ। ਜਿਸ ਕਾਰਨ ਮਜ਼ਬੂਰਨ ਜੱਥੇਬੰਦੀ ਨੂੰ ਸੰਘਰਸ਼ ਦਾ ਰਸਤਾ ਅਖ਼ਤਿਆਰ ਕਰਨਾ ਪਿਆ।
ਥਾਣਾ ਮੁੱਖੀ ਦੇ ਔਰਤ ਵਿਰੋਧੀ ਰਵੱਈਏ ਅਤੇ ਕਸੂਰਵਾਰਾਂ ਦਾ ਪੱਖ ਪੂਰਨ ਅਤੇ ਉੱਚ ਅਧਿਕਾਰੀਆਂ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰਨ ‘ਤੇ ਜਥੇਬੰਦੀ ਨੂੰ ਇੱਕ ਘੰਟੇ ਤੋਂ ਵੱਧ ਸਮਾਂ ਭਾਰਗੋ ਕੈਂਪ ਥਾਣੇ ਸਾਹਮਣੇ ਵੀ ਧਰਨਾ ਪ੍ਰਦਰਸ਼ਨ ਕਰਨਾ ਪਿਆ ਅਤੇ ਅਧਿਕਾਰੀਆਂ ਦੇ ਦਖ਼ਲ ਉਪਰੰਤ ਮੁਕੱਦਮਾ ਦਰਜ ਕਰਕੇ ਉਸਦੀ ਕਾਪੀ ਧਰਨਾਕਾਰੀਆਂ ਨੂੰ ਦੇਣੀ ਪਈ।
ਜਥੇਬੰਦੀ ਵਲੋਂ ਥਾਣਾ ਭਾਰਗੋ ਕੈਂਪ ਵਿਖੇ ਇੱਕ ਨੌਜਵਾਨ ਲੜਕੀ ਨੂੰ ਕੁੱਟਮਾਰ ਕਰਨ ਅਤੇ ਬਲੈਕਮੇਲ ਕਰਕੇ ਉਸ ਨਾਲ ਸ਼ਰੀਰਕ ਸੰਬੰਧ ਬਣਾਉਣ ਲਈ ਮਜ਼ਬੂਰ ਕਰਨ ਵਾਲੇ ਵਿਅਕਤੀ ਖਿਲਾਫ਼ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਗਈ ਤਾਂ ਮੀਟਿੰਗ ਦੌਰਾਨ ਹਾਜ਼ਰ ਏਸੀਪੀ ਬਰਜਿੰਦਰ ਸਿੰਘ ਨੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ।
ਜਥੇਬੰਦੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਅੱਜ ਤੋਂ ਬਾਅਦ ਬਜ਼ੁਰਗ ਔਰਤ ਨੂੰ ਕਿਸੇ ਵੀ ਸਹਿ ਪਰ ਤੰਗ ਪ੍ਰੇਸਾਨ ਕੀਤਾ ਗਿਆ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ।
ਇਸ ਸਮੇਂ ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾਈ ਸਕੱਤਰ ਜਸਵੀਰ ਕੌਰ ਜੱਸੀ, ਜ਼ਿਲ੍ਹਾ ਆਗੂਆਂ ਮੈਡਮ ਨਿਰਮਲਜੀਤ ਕੌਰ, ਬਲਵਿੰਦਰ ਕੌਰ ਘੁੱਗ, ਦਿਲਜੀਤ ਕੌਰ ਪਾੜਾ , ਕੁਲਵੰਤ ਕੌਰ ਪੱਬਵਾਂ, ਕਲਪਨਾ,ਪੰਜਾਬ ਸਟੂਡੈਂਟਸ ਯੂਨੀਅਨ ਦੇ ਰਮਨਦੀਪ ਕੌਰ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਪਰਮਜੀਤ ਕੌਰ ਮੀਕੋ ਤੇ ਸਰਬਜੀਤ ਕੌਰ ਕੁੱਦੋਵਾਲ ਆਦਿ ਨੇ ਸੰਬੋਧਨ ਕੀਤਾ।