ਸੱਤ ਹਸਤੀਆਂ ਨੂੰ ਪਦਮ ਵਿਭੂਸ਼ਣ, 19 ਨੂੰ ਪਦਮ ਭੂਸ਼ਣ ਅਤੇ 113 ਨੂੰ ਪਦਮਸ੍ਰੀ ਨਾਲ ਨਿਵਾਜਿਆ ਜਾਵੇਗਾ
ਨਵੀਂ ਦਿੱਲੀ 26 ਜਨਵਰੀ ,ਬੋਲੇ ਪੰਜਾਬ ਬਿਊਰੋ :
ਗਣਤੰਤਰ ਦਿਵਸ ਦੀ ਪੂਰਬਲੀ ਸੰਧਿਆ ’ਤੇ ਅੱਜ 139 ਹਸਤੀਆਂ ਨੂੰ ਪਦਮ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ’ਚੋਂ ਸੱਤ ਨੂੰ ਪਦਮ ਵਿਭੂਸ਼ਣ, 19 ਨੂੰ ਪਦਮ ਭੂਸ਼ਣ ਅਤੇ 113 ਨੂੰ ਪਦਮਸ੍ਰੀ ਨਾਲ ਸਨਮਾਨਿਤ ਕੀਤਾ ਜਾਵੇਗਾ। ਪਦਮ ਵਿਭੂਸ਼ਣ ਹਾਸਲ ਕਰਨ ਵਾਲਿਆਂ ’ਚ ਸਾਬਕਾ ਚੀਫ਼ ਜਸਟਿਸ ਜਗਦੀਸ਼ ਸਿੰਘ ਖੇਹਰ, ਲਕਸ਼ਮੀਨਰਾਇਣ ਸੁਬਰਾਮਣਿਅਮ, ਕੁਮੂਦਿਨੀ ਰਜਨੀਕਾਂਤ ਲਕੀਆ, ਡੀ ਨਾਗੇਸ਼ਵਰ ਰੈੱਡੀ, ਸੁਜ਼ੂਕੀ ਦੇ ਸਾਬਕਾ ਮੁਖੀ ਓਸਾਮੂ ਸੁਜ਼ੂਕੀ (ਮਰਨ ਉਪਰੰਤ), ਲੋਕ ਗਾਇਕਾ ਸ਼ਾਰਦਾ ਸਿਨਹਾ (ਮਰਨ ਉਪਰੰਤ) ਅਤੇ ਐੱਮਟੀ ਵਾਸੂਦੇਵਨ (ਮਰਨ ਉਪਰੰਤ) ਸ਼ਾਮਲ ਹਨ।ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਤੇ ਲੋਕ ਸਭਾ ਦੇ ਸਾਬਕਾ ਸਪੀਕਰ ਮਨੋਹਰ ਜੋਸ਼ੀ (ਮਰਨ ਉਪਰੰਤ), ਗਜ਼ਲ ਗਾਇਕ ਪੰਕਜ ਉਧਾਸ (ਮਰਨ ਉਪਰੰਤ), ਭਾਜਪਾ ਆਗੂ ਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਸੁਸ਼ੀਲ ਮੋਦੀ (ਮਰਨ ਉਪਰੰਤ), ਫਿਲਮਸਾਜ਼ ਤੇ ਅਦਾਕਾਰ ਸ਼ੇਖਰ ਕਪੂਰ, ਤੇਲਗੂ ਸੁਪਰਸਟਾਰ ਐੱਨ ਬਾਲਾਕ੍ਰਿਸ਼ਨਾ, ਹਾਕੀ ਗੋਲਕੀਪਰ ਪੀਆਰ ਸ੍ਰੀਜੇਸ਼ ਅਤੇ ਆਰਥਿਕ ਮਾਹਿਰ ਬਿਬੇਕ ਦੇਬਰੌਏ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਸੇ ਤਰ੍ਹਾਂ ਉੱਘੇ ਰਾਗੀ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ, ਕਾਰੋਬਾਰੀ ਓਂਕਾਰ ਸਿੰਘ ਪਾਹਵਾ, ਐੱਸਬੀਆਈ ਦੀ ਸਾਬਕਾ ਚੇਅਰਪਰਸਨ ਅਰੁੰਧਤੀ ਭੱਟਾਚਾਰਿਆ, ਕ੍ਰਿਕਟਰ ਆਰ ਅਸ਼ਿਵਨ, ਹਰਿਆਣਾ ਦੇ ਪੈਰਾਲੰਪੀਅਨ ਤੀਰਅੰਦਾਜ਼ ਹਰਵਿੰਦਰ ਸਿੰਘ, ਦੀਨਾਮਲਾਰ ਪ੍ਰਕਾਸ਼ਕ ਲਕਸ਼ਮੀਪਤੀ ਰਾਮਾਸੁੱਬਾਅਈਅਰ ਨੂੰ ਸਾਹਿਤ, ਸਿੱਖਿਆ ਤੇ ਪੱਤਰਕਾਰੀ ’ਚ, ਗਾਇਕ ਅਰੀਜੀਤ ਸਿੰਘ, ਗਾਇਕਾ ਜਸਪਿੰਦਰ ਨਰੂਲਾ, ਸਾਧਵੀ ਰਿਤੰਬਰਾ, ਅਰਵਿੰਦਰ ਸ਼ਰਮਾ (ਕੈਨੇਡਾ), ਚੇਤਨ ਈ ਚਿਟਨਿਸ (ਫਰਾਂਸ), ਸੇਤੂਰਮਨ ਪੰਚਾਨਾਥਨ (ਅਮਰੀਕਾ) ਅਤੇ ਸਟੀਫ਼ਨ ਨੈਪ (ਅਮਰੀਕਾ) ਨੂੰ ਪ੍ਰਦਮਸ੍ਰੀ ਦਿੱਤਾ ਜਾਵੇਗਾ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਪਦਮ ਪੁਰਸਕਾਰ ਹਾਸਲ ਕਰਨ ਵਾਲਿਆਂ ’ਚ 23 ਮਹਿਲਾਵਾਂ ਹਨ ਜਦਕਿ ਸੂਚੀ ’ਚ 10 ਵਿਦੇਸ਼ੀ, ਐੱਨਆਰਆਈ, ਪੀਆਈਓ, ਓਸੀਆਈ ਸ਼ਾਮਲ ਹਨ। ਇਸੇ ਤਰ੍ਹਾਂ 13 ਹਸਤੀਆਂ ਨੂੰ ਮਰਨ ਉਪਰੰਤ ਪੁਰਸਕਾਰ ਦਿੱਤਾ ਗਿਆ ਹੈ। ਪਦਮ ਪੁਰਸਕਾਰ ਕਲਾ, ਸਮਾਜ ਸੇਵਾ, ਵਿਗਿਆਨ ਤੇ ਇੰਜਨੀਅਰਿੰਗ, ਵਪਾਰ ਤੇ ਸਨਅਤ, ਮੈਡੀਸਨ, ਸਾਹਿਤ, ਸਿੱਖਿਆ, ਖੇਡਾਂ, ਸਿਵਲ ਸੇਵਾਵਾਂ ਆਦਿ ਖੇਤਰਾਂ ਲਈ ਹਰ ਸਾਲ ਦਿੱਤੇ ਜਾਂਦੇ ਹਨ। –