ਲੁਧਿਆਣਾ, 25 ਜਨਵਰੀ,ਬੋਲੇ ਪੰਜਾਬ ਬਿਊਰੋ :
ਲੁਧਿਆਣਾ ਦੇ ਥਾਣਾ ਦਰੇਸ਼ੀ ਦੀ ਪੁਲਿਸ ਨੇ ਕੱਪੜੇ ਦੀਆਂ ਫੈਕਟਰੀਆਂ ਚੋਂ ਥਾਨ ਚੋਰੀ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਿਸ ਦੇ ਮੁਤਾਬਿਕ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਇਕਬਾਲ ਨਗਰ ਟਿੱਬਾ ਰੋਡ ਦੇ ਰਹਿਣ ਵਾਲੇ ਵੀਰਪਾਲ, ਨਿਊ ਭਗਵਾਨ ਨਗਰ ਦੇ ਵਾਸੀ ਮਨੋਜ ਅਤੇ ਲਕਸ਼ਮੀ ਨਗਰ ਹੈਬੋਵਾਲ ਦੇ ਵਾਸੀ ਸ਼ੁਭਮ ਕੁਮਾਰ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਸੁੰਦਰ ਨਗਰ ਚੌਂਕ ਵਿੱਚ ਮੌਜੂਦ ਸੀ ਇਸੇ ਦੌਰਾਨ ਭਰੋਸੇਯੋਗ ਸੂਤਰਾਂ ਕੋਲੋਂ ਜਾਣਕਾਰੀ ਮਿਲੀ ਕਿ ਤਿੰਨੋ ਮੁਲਜਮ ਫੈਕਟਰੀਆਂ ਵਿੱਚੋਂ ਥਾਨ ਚੋਰੀ ਕਰਦੇ ਹਨ।ਪੁਲਿਸ ਨੂੰ ਇਹ ਵੀ ਜਾਣਕਾਰੀ ਮਿਲੀ ਕਿ ਮੁਲਜ਼ਮ ਥਾਨ ਵੇਚਣ ਲਈ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਸ਼ਹਿਰ ਵੱਲ ਜਾ ਰਹੇ ਹਨ।
ਜਾਣਕਾਰੀ ਤੋਂ ਬਾਅਦ ਪੁਲਿਸ ਪਾਰਟੀ ਨੇ ਦੌਲਤ ਕਲੋਨੀ ਦੇ ਕੋਲ ਨਾਕਾਬੰਦੀ ਕਰਕੇ ਮੋਟਰਸਾਈਕਲ ਸਵਾਰ ਤਿੰਨਾਂ ਮੁਲਜਮਾਂ ਨੂੰ ਹਿਰਾਸਤ ਵਿੱਚ ਲੈ ਲਿਆ।ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਚੋਂ ਮੋਟਰਸਾਈਕਲ ਅਤੇ 5 ਥਾਨ ਬਰਾਮਦ ਕਰਕੇ ਉਨ੍ਹਾਂ ਕੋਲੋਂ ਪੁੱਛ ਗਿੱਛ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਪੜਤਾਲ ਦੇ ਦੌਰਾਨ ਮੁਲਜ਼ਮਾਂ ਕੋਲੋਂ ਕਈ ਖੁਲਾਸੇ ਹੋਣ ਦੀ ਉਮੀਦ ਹੈ ।