ਕੀਵ, ਮਾਸਕੋ, 25 ਜਨਵਰੀ,ਬੋਲੇ ਪੰਜਾਬ ਬਿਊਰੋ :
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਰੂਸ ਅਤੇ ਯੂਕਰੇਨ ਦਰਮਿਆਨ ਸ਼ਾਂਤੀ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਵਿਚ ਜੁਟ ਗਏ ਹਨ। ਇਸ ਵਿਚਕਾਰ ਦੋਵਾਂ ਦੇਸ਼ਾਂ ਨੇ ਇਕ-ਦੂਜੇ ਉੱਪਰ ਹਮਲੇ ਤੇਜ਼ ਕਰ ਦਿੱਤੇ ਹਨ। ਯੂਕਰੇਨ ਵੱਲੋਂ ਰਾਤ ਭਰ ਮਾਸਕੋ ਸਮੇਤ ਰੂਸ ਦੇ 13 ਖੇਤਰਾਂ ’ਤੇ 100 ਤੋਂ ਜ਼ਿਆਦਾ ਡ੍ਰੋਨ ਹਮਲੇ ਕੀਤੇ ਗਏ।
ਰੂਸੀ ਰੱਖਿਆ ਮਹਿਕਮੇ ਨੇ ਕਿਹਾ ਕਿ 121 ਡ੍ਰੋਨਾਂ ਨੂੰ ਇੰਟਰਸੈਪਟ ਕਰ ਕੇ ਨਸ਼ਟ ਕਰ ਦਿੱਤਾ ਗਿਆ।ਰੂਸੀ ਬੁਲਾਰੇ ਨੇ ਕਿਹਾ ਕਿ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਮਾਸਕੋ ਉੱਪਰ ਮੰਡਰਾ ਰਹੇ ਛੇ ਡ੍ਰੋਨਾਂ ਨੂੰ ਹੇਠਾਂ ਸੁੱਟਿਆ ਹੈ। ਓਧਰ ਮਾਸਕੋ ਦੇ ਮੇਅਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰੂਸ ਦੀ ਰਾਜਧਾਨੀ ਵਿਚ ਚਾਰ ਸਥਾਨਾਂ ਉੱਪਰ ਡਰੋਨਾਂ ਨੂੰ ਇੰਟਰਸੈਪਟ ਕਰ ਕੇ ਨਸ਼ਟ ਕੀਤਾ ਗਿਆ। ਹਮਲੇ ਨੂੰ ਦੇਖਦੇ ਹੋਏ ਮਾਸਕੋ ਦੇ ਦੋ ਹਵਾਈ ਅੱਡੇ ਵਨੁਕੋਵੋ ਅਤੇ ਡੋਮੋਡੇਡੋਵੋ ਵਿਚ ਕੁਝ ਸਮੇਂ ਲਈ ਹਵਾਈ ਸੇਵਾਵਾਂ ਨੂੰ ਬੰਦ ਕਰਨਾ ਪਿਆ। ਛੇ ਉਡਾਣਾਂ ਨੂੰ ਹੋਰ ਹਵਾਈ ਅੱਡਿਆਂ ’ਤੇ ਤਬਦੀਲ ਕੀਤਾ ਗਿਆ। ਕੁਸਰਕ ਖੇਤਰ ਵਿਚ ਪਾਵਰ ਲਾਈਨ ਨੂੰ ਨੁਕਸਾਨ ਪਹੁੰਚਿਆ ਹੈ। ਡ੍ਰੋਨ ਨੇ ਰੂਸ ਦੇ ਪੱਛਮੀ ਵੋਰੋਨਿਸ਼ ਖੇਤਰ ’ਚ ਇੱਕ ਤੇਲ ਡਿਪੂ ਨੂੰ ਵੀ ਨਿਸ਼ਾਨਾ ਬਣਾਇਆ।
ਓਧਰ ਰੂਸ ਨੇ ਵੀ ਰਾਤ ਨੂੰ ਯੂਕਰੇਨ ਉੱਪਰ ਜਵਾਬੀ ਹਮਲਾ ਕੀਤਾ, ਇਸ ਹਮਲੇ ’ਚ ਕੀਵ ਇਲਾਕੇ ’ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਦੋ ਵਿਅਕਤੀਆਂ ਅਤੇ ਇਕ ਔਰਤ, ਡ੍ਰੋਨ ਦੇ ਮਲਬੇ ਦੀ ਲਪੇਟ ’ਚ ਆ ਗਏ ਸਨ। ਇਸ ਦੇ ਨਾਲ ਹੀ ਰਿਹਾਇਸ਼ੀ ਅਤੇ ਵਪਾਰਕ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਯੂਕਰੇਨ ਦੀ ਹਵਾਈ ਸੈਨਾ ਦਾ ਕਹਿਣਾ ਹੈ ਕਿ ਉਸਨੇ 59 ’ਚੋਂ 25 ਡ੍ਰੋਨਾਂ ਨੂੰ ਹੇਠਾਂ ਸੁੱਟਿਆ ਹੈ, ਬਾਕੀ ਨੂੰ ਬਿਜਲਈ ਰੂਪ ’ਚ ਜਾਮ ਕਰ ਦਿੱਤਾ ਗਿਆ ਹੈ।