ਪੰਜਾਬ ਦੀ ਧਰਤੀ ਨੂੰ ਕਦੇ ਸਪਤ ਸਿੰਧੂ ਆਖਿਆ ਜਾਂਦਾ ਸੀ, ਉਦੋਂ ਇੱਥੇ ਸੱਤ ਦਰਿਆ ਵਗਦੇ ਸਨ ਤੇ ਲੋਕ ਢੋਲੇ ਦੀਆਂ ਲਾਉਂਦੇ ਸਨ ਤੇ ਫੇਰ ਇਸ ਵਿੱਚੋਂ ਦੋ ਦਰਿਆ ਦਿੱਲੀ ਵੱਲ ਰਹਿ ਗਏ। ਅੱਜ ਪੰਜਾਬ ਢਾਈ ਦਰਿਆਵਾਂ ਵਾਲਾ ਬਣ ਕੇ ਰਹਿ ਗਿਆ ਹੈ । ਪੰਜਾਬ ਦੇ ਪਾਣੀਆਂ ਉੱਤੇ ਕੇਂਦਰ ਸਰਕਾਰ ਨੇ ਅਜਿਹਾ ਧਾਵਾ ਬੋਲਿਆ ਹੈ ਕਿ ਪੰਜਾਬ ਦੇਖਦਾ ਹੀ ਰਹਿ ਗਿਆ ਹੈ । ਹਾਲਾਤ ਇਹ ਬਣ ਗਏ ਹਨ ਕਿ ਅਗਲੇ ਸਮਿਆਂ ਵਿੱਚ ਪੰਜਾਬ ਰੇਗਿਸਤਾਨ ਬਣ ਜਾਵੇਗਾ। ਉੰਝ ਤਾਂ ਪੰਜਾਬ ਨੂੰ ਉਜਾੜਨ ਲਈ ਦੇਸ਼ ਦੀ ਵੰਡ ਤੋਂ ਕੋਈ ਸਾਜਿਸ਼ਾਂ ਸ਼ੁਰੂ ਹੋ ਗਈਆਂ ਸਨ ਪਰ ਜਿਸ ਤਰ੍ਹਾਂ ਪਿਛਲੇ ਦੋ ਦਹਾਕਿਆਂ ਤੋਂ ਪੰਜਾਬ ਨੂੰ ਉਜਾੜਨ ਦੀ ਰਫਤਾਰ ਵਧੀ ਹੈ, ਇਸ ਨੇ ਪੰਜਾਬ ਨੂੰ ਬੌਦਲਾਅ ਕੇ ਰੱਖ ਦਿੱਤਾ ਹੈ। ਜਿਵੇਂ ਆਮ ਆਦਮੀ ਪਾਰਟੀ ਦਾ ਵਿਕਾਸ ਪੰਜਾਬ ਦੇ ਵਿੱਚ ਬੌਦਲਿਆ ਫਿਰਦਾ ਹੈ, ਇਸੇ ਤਰ੍ਹਾਂ ਦਾ ਹੀ ਹਾਲਤ ਪੰਜਾਬ ਦੇ ਲੋਕਾਂ ਦੀ ਬਣਦੀ ਜਾ ਰਹੀ ਹੈ। ਲੋਕਾਂ ਨੂੰ ਸਮਝ ਹੀ ਨਹੀਂ ਆ ਰਿਹਾ ਕਿ ਉਹਨਾਂ ਤੇ ਹਮਲਾ ਕਿਹੜੇ ਪਾਸਿਓਂ, ਕਦੋਂ ਕਿਹੜੇ ਰੂਪ ਵਿੱਚ ਹੁੰਦਾ ਹੈ। ਪੰਜਾਬ ਦੇ ਕੇਵਲ ਪਾਣੀ ਹੀ ਨਹੀਂ ਲੁੱਟੇ ਜਾ ਰਹੇ ਬਲਕਿ ਧਰਤੀ ਨੂੰ ਹੀ ਲੁੱਟਣ ਲਈ ਧਾੜਵੀ ਪੱਬਾਂ ਭਾਰ ਹੋਏ ਫਿਰਦੇ ਹਨ। ਪੰਜਾਬ ਦਾ ਸੱਭਿਆਚਾਰ ਵਿਗਾੜਨ ਦੇ ਲਈ ਜਿੱਥੇ ਪੰਜਾਬ ਦੇ ਲੋਕਾਂ ਨੇ ਖੁਦ ਇਸ ਵਿੱਚ ਵੱਡੀ ਭੂਮਿਕਾ ਨਿਭਾਈ, ਉਥੇ ਕੰਪਨੀਆਂ ਨੇ ਉਸ ਦਾ ਲਾਹਾ ਖੱਟਿਆ। ਪੰਜਾਬ ਦੀ ਬੋਲੀ ਵਿਗਾੜਨ ਲਈ ਇੱਥੇ ਬਾਹਰੀ ਰਾਜਾਂ ਦੇ ਲੋਕ ਲਿਆ ਕੇ, ਪੱਕੇ ਤੌਰ ਤੇ ਵਸਾਉਣੇ ਸ਼ੁਰੂ ਕਰ ਦਿੱਤੇ। ਪੰਜਾਬ ਦੇ ਲੋਕਾਂ ਨੇ ਵੀ ਘੱਟ ਨਹੀਂ ਕੀਤੀ, ਉਹਨਾਂ ਨੇ ਆਪਣੀਆਂ ਜ਼ਮੀਨਾਂ ਦੇ ਵਿੱਚ ਵੱਡੀਆਂ ਵੱਡੀਆਂ ਕਲੋਨੀਆਂ ਕੱਟ ਕੇ ਉਹਨਾਂ ਨੂੰ ਵਸਾਉਣ ਵਿੱਚ ਕੋਈ ਕਸਰ ਨਾ ਛੱਡੀ। ਹੁਣ ਪੰਜਾਬ ਦੀਆਂ ਜ਼ਮੀਨਾਂ ਉੱਤੇ ਬਹ ਕੌਮੀ ਕੰਪਨੀਆਂ ਦੀ ਅੱਖ ਹੈ, ਇਸੇ ਲਈ ਉਹ ਲਗਾਤਾਰ ਹਮਲੇ ਕਰ ਰਹੀਆਂ ਹਨ। ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਤਾਂ ਵੇਹਲੇ ਨਹੀਂ ਕਿ ਉਹ ਪੰਜਾਬ ਦੇ ਹਿੱਤਾਂ ਦੇ ਲਈ ਕੁਝ ਕਰ ਸਕਣ। ਸ਼੍ਰੋਮਣੀ ਅਕਾਲੀ ਦਲ ਬਾਦਲ ਤਾਂ ਆਪਸ ਵਿੱਚ ਹੀ ਉਲਝਿਆ ਹੋਇਆ ਹੈ ਸੁਖਬੀਰ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਇਆ ਹੋਇਆ ਹੈ। ਕਾਂਗਰਸ ਵਾਲੇ ਦੂਰ ਖੜੇ ਤਮਾਸ਼ਾ ਵੇਖ ਰਹੇ ਹਨ, ਭਾਜਪਾ ਵਾਲੇ ਆਪਣੀਆਂ ਵੋਟਾਂ ਬਟੋਰ ਰਹੇ ਹਨ, ਕਾਮਰੇਡ ਪਤਾ ਨਹੀਂ ਕਿਹੜੀ ਖੁੱਡ ਵਿੱਚ ਵੜ ਕੇ ਬੈਠ ਗਏ ਹਨ ਤੇ ਬਸਪਾ ਵਾਲੇ ਅੱਖ ਵਿੱਚ ਪਾਇਆ ਨਹੀਂ ਰੜਕਦੇ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਆਪਣੀਆਂ ਜ਼ਮੀਨਾਂ ਬਚਾਉਣ ਲਈ ਹਰਿਆਣੇ ਦੀਆਂ ਸਰਹੱਦਾਂ ਉੱਤੇ ਦਿਨ ਕਟੀ ਕਰ ਰਹੀਆਂ ਹਨ। ਕੇਂਦਰ ਸਰਕਾਰ ਉਹਨਾਂ ਨਾਲ ਕੋਝੀਆਂ ਚਾਲਾਂ ਚੱਲ ਰਹੀ ਹੈ। ਕਿਸਾਨ ਜਥੇਬੰਦੀਆਂ ਨੂੰ ਕੇਂਦਰ ਦੀਆਂ ਇਹ ਚਾਲਾਂ ਦੀ ਸਮਝ ਨਹੀਂ ਆਉਂਦੀ ਜਾਂ ਫਿਰ ਇਹ ਜਥੇਬੰਦੀਆਂ ਕੇਂਦਰ ਦੀ ਹੀ ਲੜਾਈ ਲੜ ਰਹੀਆਂ ਹਨ? ਪੰਜਾਬ ਦੇ ਲੋਕ ਚੁੱਪ ਚਾਪ ਤਮਾਸ਼ਾ ਵੇਖ ਰਹੇ ਹਨ। ਮੰਗਿਹਾਈ ਨੇ ਲੋਕਾਂ ਦੀ ਮੱਤ ਮਾਰ ਦਿੱਤੀ ਹੈ। ਪੰਜਾਬ ਸਰਕਾਰ ਨੇ ਪਿਛਲੇ ਸਮਿਆਂ ਵਿੱਚ 700 ਕਰੋੜ ਦਾ ਬਜਟ ਰੱਖਿਆ ਸੀ ਕਿ ਉਹ ਪੰਜਾਬ ਦੀਆਂ ਨਹਿਰਾਂ, ਨਾਲੀਆਂ ਅਤੇ ਕੱਸੀਆਂ ਨੂੰ ਪੱਕਿਆਂ ਕਰੇਗੀ। ਪਹਿਲਾਂ ਉਸ ਨੇ ਮਾਲਵੇ ਵਿੱਚ ਨਾਲੇ ਕੱਸੀਆਂ ਨੂੰ ਪੱਕਿਆਂ ਕਰਕੇ ਲੋਕਾਂ ਦੀ ਵਾਹਵਾ ਖੱਟੀ। ਹੁਣ ਉਸ ਨੇ ਸਰਹੰਦ ਨਹਿਰ ਨੂੰ ਪੱਕਿਆਂ ਕਰਨ ਦਾ ਬੇੜਾ ਚੁੱਕਿਆ ਹੈ। ਇਸੇ ਕਰਕੇ ਇਸ ਨਹਿਰ ਨੂੰ ਬੰਦ ਕੀਤਾ ਹੋਇਆ ਹੈ। ਇਸ ਉੱਪਰ ਜੰਗੀ ਪੱਧਰ ਉੱਤੇ ਕੰਮ ਚੱਲ ਰਿਹਾ ਹੈ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਪਿਛਲੇ ਦਿਨੀ ਖੰਨਾ ਨਵਾਂ ਸ਼ਹਿਰ ਹਾਈਵੇ ਉੱਤੇ ਧਰਨਾ ਵੀ ਲਗਾਇਆ ਸੀ ਪਰ ਧਰਨਿਆ ਅਤੇ ਮੁਜ਼ਾਹਰਿਆਂ ਦੇ ਨਾਲ ਪੰਜਾਬ ਸਰਕਾਰ ਦੇ ਕੰਨਾਂ ਉੱਤੇ ਜੂੰ ਵੀ ਨਹੀਂ ਸਰਕਦੀ। ਪੰਜਾਬ ਦੇ ਲੋਕਾਂ ਨੂੰ ਕਦੇ ਸੱਤ ਪੱਤਣ ਦੇ ਤਾਰੂ ਆਖਿਆ ਜਾਂਦਾ ਸੀ, ਹੁਣ ਪੰਜਾਬ ਨੂੰ ਰੇਗਿਸਤਾਨ ਬਣਾਉਣ ਲਈ ਵੱਡੇ ਪੱਧਰ ਉੱਤੇ ਸਾਜਿਸ਼ਾਂ ਘੜੀਆਂ ਜਾ ਰਹੀਆਂ ਹਨ। ਇਹਨਾਂ ਸਾਜਿਸ਼ਾਂ ਵਿੱਚ ਜਿੱਥੇ ਪੰਜਾਬ ਸਰਕਾਰ, ਉੱਥੇ ਪੰਜਾਬ ਦੇ ਉਹ ਲੋਕ ਵੀ ਸ਼ਾਮਿਲ ਹਨ, ਜਿਹੜੇ ਚੁੱਪ ਚਾਪ ਬੈਠੇ ਘਰਾਂ ਵਿੱਚ ਤਮਾਸ਼ਾ ਵੇਖ ਰਹੇ ਹਨ। ਉਹ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਕੀ ਜਵਾਬ ਦੇਣਗੇ ਅੱਜ ਅਸੀਂ ਆਪਣੇ ਪੁਰਖਿਆਂ ਦੀਆਂ ਗੱਲਾਂ ਕਰਦੇ ਆਂ ਕਿ ਸਾਡੇ ਬਾਬਿਆਂ ਦਾਦਿਆਂ ਪੜਦਾਦਿਆਂ ਨੇ ਕਾਬਲ ਕੰਧਾਰ ਤੱਕ ਹੀ ਨਹੀਂ ਬਲਕਿ ਸੰਸਾਰ ਦੀਆਂ ਦੋਵੇਂ ਜੰਗਾਂ ਵਿੱਚ ਕੁਰਬਾਨੀਆਂ ਦੇ ਝੰਡੇ ਗੱਡੇ ਹਨ। ਪਰ ਅੱਜ ਉਹ ਚੁੱਪ ਚਾਪ ਘਰਾਂ ਵਿੱਚ ਬੈਠੇ ਇਸ ਸਭ ਕੁੱਝ ਨੂੰ ਹੁੰਦਾ ਵੇਖ ਕੇ ਚੁੱਪ ਕਿਉਂ ਹਨ? ਕੀ ਉਹਨਾਂ ਨੂੰ ਆਪਣੇ ਆਉਣ ਵਾਲੇ ਜਾਂ ਨਸਲਾਂ ਦਾ ਕੋਈ ਫਿਕਰ ਨਹੀਂ ਜਾਂ ਫਿਰ ਉਹ ਜ਼ਿੰਦਗੀ ਜਿਉਣ ਲਈ ਸੰਘਰਸ਼ ਕਰ ਰਹੇ ਹਨ। ਸਮਝ ਕੁੱਝ ਵੀ ਨਹੀਂ ਆ ਰਿਹਾ। ਪੰਜਾਬ ਦੇ ਅਮੀਰ ਲੋਕ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵੱਲ ਜਾ ਰਹੇ ਹਨ ਤੇ ਬਾਹਰੀ ਰਾਜਾਂ ਦੇ ਲੋਕ ਪੰਜਾਬ ਵਿੱਚ ਆ ਕੇ ਵਸ ਰਹੇ ਹਨ। ਅਗਲੇ ਸਮਿਆਂ ਦੇ ਵਿੱਚ ਕੀ ਹੋਵੇਗਾ। ਕੀ ਪੰਜਾਬ ਸੱਚ ਮੁੱਚ ਹੀ ਰੇਗਿਸਤਾਨ ਬਣ ਜਾਵੇਗਾ? ਜਿਸ ਤਰ੍ਹਾਂ ਦੀਆਂ ਸਾਜਿਸ਼ਾਂ ਘੜੀਆਂ ਜਾ ਰਹੀਆਂ ਹਨ, ਜਿਵੇਂ ਨਹਿਰਾਂ ਨੂੰ ਪੱਕਿਆਂ ਕੀਤਾ ਜਾ ਰਿਹਾ ਹੈ, ਇਸ ਨਾਲ ਪੰਜਾਬ ਵਿੱਚ ਪਾਣੀ ਦਾ ਪੱਧਰ ਹੋਰ ਨੀਵਾਂ ਹੋ ਜਾਵੇਗਾ। ਪੰਜਾਬ ਦੀ ਖੇਤੀ ਨੀਤੀ ਦਾ ਵੀ ਰੌਲਾ ਘਚੌਲਾ ਪਿਆ ਹੋਇਆ ਹੈ। ਕੀ ਬਣੇਗਾ ਪੰਜਾਬ ਦਾ ਇਹ ਤਾਂ ਹੁਣ ਕੇਂਦਰ ਸਰਕਾਰ ਹੀ ਜਾਣਦੀ ਹੈ?
ਬੁੱਧ ਸਿੰਘ ਨੀਲੋਂ
946437823